‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਤੁਸੀਂ ਪਾਣੀ ਵਾਲੀ ਪਾਇਪ ਵਿੱਚੋਂ ਪਾਣੀ ਤਾਂ ਨਿਕਲਦੇ ਦੇਖਿਆ ਹੋਵੇਗਾ, ਨੋਟਾਂ ਦੇ ਨੋਟ ਨਹੀਂ। ਇਹ ਘਟਨਾ ਕਰਨਾਟਕ ਦੀ ਹੈ ਜਿੱਥੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਲੋਕ ਨਿਰਮਾਣ ਵਿਭਾਗ ਦੇ ਇਕ ਇੰਜੀਨੀਅਰ ਦੇ ਘਰ ਜਦੋਂ ਛਾਪਾ ਮਾਰਿਆ ਤਾਂ ਪਾਈਪਾਂ ਵਿੱਚੋਂ 500 ਰੁਪਏ ਦੇ ਨੋਟਾਂ ਦਾ ਹੜ੍ਹ ਆ ਗਿਆ।ਇਹ ਰਕਮ ਕਰੀਬ 10 ਲੱਖ ਰੁਪਏ ਬਣਦੀ ਹੈ।ਇਸੇ ਤਰ੍ਹਾਂ ਛੱਤ ਤੋਂ 6 ਲੱਖ ਰੁਪਏ ਬਰਾਮਦ ਹੋਏ ਹਨ। ਅਧਿਕਾਰੀਆਂ ਦੇ ਅਨੁਸਾਰ ਦੋਸ਼ੀ ਸਰਕਾਰੀ ਅਧਿਕਾਰੀਆਂ ‘ਤੇ ਰਾਜ-ਵਿਆਪੀ ਕਾਰਵਾਈ ਦੇ ਹਿੱਸੇ ਵਜੋਂ, ਕਲਬੁਰਗੀ ਜ਼ਿਲ੍ਹੇ ਵਿੱਚ ਪੀਡਬਲਯੂਡੀ ਦੇ ਸੰਯੁਕਤ ਇੰਜੀਨੀਅਰ ਸ਼ਾਂਤਾ ਗੌੜਾ ਬਿਰਾਦਰ ਦੇ ਘਰ ‘ਤੇ ਛਾਪੇ ਮਾਰੇ ਗਏ ਸਨ।ਬਿਰਾਦਰ ਦੇ ਘਰ ਛਾਪੇਮਾਰੀ ਦੌਰਾਨ ਬਿਊਰੋ ਦੇ ਅਧਿਕਾਰੀਆਂ ਨੇ 40 ਲੱਖ ਰੁਪਏ ਦੀ ਨਕਦੀ ਅਤੇ ਭਾਰੀ ਮਾਤਰਾ ਵਿੱਚ ਸੋਨਾ ਬਰਾਮਦ ਕੀਤਾ ਹੈ।
ਇਸ ਪਤਾ ਲੱਗਿਆ ਸੀ ਕਿ ਰਿਹਾਇਸ਼ ਦੀ ਪਾਈਪ ਲਾਈਨ ਵਿੱਚ ਨਕਦੀ ਲੁਕਾਈ ਗਈ ਹੈ। ਅਜਿਹੇ ‘ਚ ਅਧਿਕਾਰੀਆਂ ਨੇ ਇਕ ਪਲੰਬਰ ਨੂੰ ਬੁਲਾਇਆ, ਜਿਸ ਨੇ ਪਾਈਪ ਲਾਈਨ ਖੋਲ੍ਹ ਕੇ ਅੰਦਰ ਛੁਪੇ ਨੋਟਾਂ ਨੂੰ ਬਾਹਰ ਕੱਢ ਲਿਆ। ਇਸ ਘਟਨਾ ਦੀ ਇੱਕ ਵੀਡੀਓ ਵੀ ਬਣਾਈ ਗਈ ਹੈ, ਜਿਸ ਵਿੱਚ ਅਧਿਕਾਰੀ ਅਤੇ ਪਲੰਬਰ ਪਾਈਪ ਦੇ ਕੁਝ ਹਿੱਸੇ ਨੂੰ ਵੱਖ ਕਰਦੇ ਦੇਖੇ ਜਾ ਸਕਦੇ ਹਨ। ਇਨ੍ਹਾਂ ਪਾਈਪਾਂ ਵਿੱਚੋਂ ਦੁਬਾਰਾ ਨੋਟ ਕੱਢ ਲਏ ਗਏ। ਜ਼ਾਹਿਰ ਹੈ ਕਿ ਇਹ ਪਾਈਪਾਂ ਵਿਖਾਉਣ ਲਈ ਬਣਾਈਆਂ ਗਈਆਂ ਸਨ, ਅਸਲ ਵਿੱਚ ਇਹ ਬੇਹਿਸਾਬ ਪੈਸੇ ਛੁਪਾਉਣ ਦਾ ਇੱਕ ਤਰੀਕਾ ਸੀ।
ਇਸ ਤੋਂ ਬਾਅਦ ਮੁੱਖ ਮੰਤਰੀ ਬਸਵਰਾਜ ਬੋਮਈ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਰੋਕੂ ਬਿਊਰੋ ਵੱਲੋਂ ਸੌਂਪੀ ਗਈ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕਰੇਗੀ। ਹਾਲ ਹੀ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਸੀ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕਰੇਗੀ।ਸਾਡੀ ਸਰਕਾਰ ਸਖ਼ਤ ਕਾਰਵਾਈ ਕਰੇਗੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਬਚਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।