‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਾਂਗਰਸ ਪਾਰਟੀ ਦੇ ਸਾਬਤਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਪੂਰੀ ਤਰ੍ਹਾਂ ਨਾਲ ਵਿਕਾਸ ਤੇ ਰੁਜ਼ਗਾਰ ‘ਤੇ ਧਿਆਨ ਦੇਣਗੇ। ਉਨ੍ਹਾਂ ਕਿਹਾ ਕਿ ਉਹ ਸਿਰਫ ਵਿਕਾਸ ਕੇਂਦਰਿਤ ਆਈਡਿਆ ਤੋਂ ਰੋਜ਼ਗਾਰ ਕੇਂਦਰਿਤ ਆਈਡਿਆ ਵੱਲ ਵਧਣਗੇ। ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਵਿਕਾਸ ਵਿੱਚ ਗਤੀ ਦੀ ਲੋੜ ਹੈ। ਪਰ ਉਤਪਾਦਨ ਅਤੇ ਰੁਜ਼ਗਾਰ ਪੈਦਾ ਕਰਨ ਦੇ ਨਾਲ ਨਾਲ ਸਾਨੂੰ ਵੈਲਿਅਯੂ ਅਡੀਸ਼ਨ ਉੱਤੇ ਵੀ ਜ਼ੋਰ ਦੇਣਾ ਪਵੇਗਾ।
ਰਾਹੁਲ ਗਾਂਧੀ ਨੇ ਅਮਰੀਕਾ ਦੇ ਮੰਨੇ-ਪ੍ਰਮੰਨੇ ਵਿੱਦਿਅਕ ਅਦਾਰੇ ਹਾਵਰਡ ਕੈਨੇਡੀ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਆਨਲਾਇਨ ਗੱਲਬਾਤ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਇਹ ਸਭ ਕਿਹਾ।
ਰਾਹੁਲ ਗਾਂਧੀ ਨੇ ਕਿਹਾ ਚੀਨ ਇਸ ਮਾਮਲੇ ਵਿੱਚ ਸਾਡੇ ਤੋਂ ਅੱਗੇ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸੇ ਵੀ ਚੀਨ ਦੇ ਅਜਿਹੇ ਲੀਡਰ ਨੂੰ ਨਹੀਂ ਮਿਲਿਆ ਹਾਂ ਜੋ ਰੁਜ਼ਗਾਰ ਨੂੰ ਸਮੱਸਿਆ ਦੱਸਦਾ ਹੋਵੇ। ਇਸ ਲਈ ਮੇਰੀ 9 ਫੀਸਦ ਆਰਥਿਕ ਵਿਕਾਸ ਦਰ ਵਿੱਚ ਦਿਲਚਸਪੀ ਨਹੀਂ ਹੈ, ਜੇਕਰ ਇੱਥੇ ਰੁਜ਼ਗਾਰ ਹੀ ਨਹੀਂ ਹੈ।
ਕਾਂਗਰਸ ਦੀ ਚੋਣ ਅਸਫਲਤਾ ਅਤੇ ਅੱਗੇ ਦੀ ਰਣਨੀਤੀ ਬਾਰੇ ਪੁੱਛੇ ਗਏ ਸਵਾਲ ‘ਤੇ ਉਨ੍ਹਾਂ ਕਿਹਾ ਕਿ ਅੱਜ ਅਸੀਂ ਅਜਿਹੀ ਸਥਿਤੀ ਵਿੱਚ ਹਾਂ ਜਿੱਥੇ ਉਹ ਸੰਸਥਾਵਾਂ ਸਾਡੀ ਰੱਖਿਆ ਨਹੀਂ ਕਰ ਰਹੀਆਂ, ਜਿਨ੍ਹਾਂ ਨੂੰ ਸਾਡੀ ਰੱਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੱਤਾਧਿਰ ਵਿੱਚ ਲੋਕਾਂ ਦਾ ਮੋਹਭੰਗ ਹੋ ਰਿਹਾ ਹੈ।