‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡ ਹਟਾਉਣ ਦੀਆਂ ਖਬਰਾਂ ਦੇ ਵਿਚਕਾਰ ਕੇਂਦਰ ਸਰਕਾਰ ‘ਤੇ ਮੁੜ ਨਿਸ਼ਾਨਾ ਕੱਸਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਜਲਦੀ ਹੀ ਤਿੰਨੇਂ ਖੇਤੀ ਕਾਨੂੰਨ ਵੀ ਹਟਾਉਣ ਦੀ ਗੱਲ ਕਹੀ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ, “ਅਜੇ ਤਾਂ ਸਿਰਫ ਦਿਖਾਵੇ ਵਾਲੇ ਬੈਰੀਕੇਡਾਂ ਨੂੰ ਹਟਾਇਆ ਗਿਆ ਹੈ, ਜਲਦੀ ਹੀ ਤਿੰਨੋਂ ਖੇਤੀ ਵਿਰੋਧੀ ਕਾਨੂੰਨ ਵੀ ਹਟਾਏ ਜਾਣਗੇ। ਅੰਨਦਾਤਾ ਸੱਤਿਆਗ੍ਰਹਿ ਜ਼ਿੰਦਾਬਾਦ!”
ਤੁਹਾਨੂੰ ਦੱਸ ਦਈਏ ਕਿ ਟਿਕਰੀ ਬਾਰਡਰ ਤੋਂ ਬਾਅਦ ਹੁਣ ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਬੈਰੀਕੇਡ ਹਟਾਏ ਜਾਣ ਤੋਂ ਬਾਅਦ ਗਾਜ਼ੀਆਬਾਦ ਤੋਂ ਦਿੱਲੀ ਤੱਕ ਸੜਕ ਖੁੱਲ੍ਹ ਸਕਦੀ ਹੈ। ਹਾਲਾਂਕਿ, ਕਿਸਾਨਾਂ ਦਾ ਪ੍ਰਦਰਸ਼ਨ ਪਹਿਲਾ ਦੀ ਤਰ੍ਹਾਂ ਜਾਰੀ ਹੈ। ਪੁਲੀਸ ਸੀਮੈਂਟ ਦੇ ਬਣੇ ਬੈਰੀਕੇਡ ਹਟਾ ਰਹੀ ਹੈ। ਇਸ ਦੇ ਨਾਲ ਹੀ ਸੜਕ ਦੇ ਵਿਚਕਾਰ ਲੱਗੇ ਲੋਹੇ ਦੇ ਕਿੱਲੇ ਵੀ ਹਟਾਏ ਜਾ ਰਹੇ ਹਨ। ਇੱਕ ਪੁਲਿਸ ਅਧਿਕਾਰੀ ਨੇ ਕਿਹਾ, ‘ਸਰਕਾਰ ਦਾ ਹੁਕਮ ਹੈ, ਇਸ ਲਈ ਬੈਰੀਕੇਡਿੰਗ ਹਟਾ ਕੇ ਰਸਤਾ ਖੋਲ੍ਹ ਰਹੇ ਹਾਂ।’ ਪੁਲਿਸ ਬੈਰੀਕੇਡ ਕਿਉਂ ਲਗਾਏ ਗਏ ਇਸ ਬਾਰੇ ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਕਿ ਇਹ ਬੈਰੀਕੇਡ ਨੋਇਡਾ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਦੇਖਦੇ ਹੋਏ ਲਗਾਏ ਗਏ ਸਨ, ਹੁਣ ਕਿਸਾਨਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਆਮ ਜਨਤਾ ਲਈ ਸੜਕ ਨੂੰ ਖੋਲ੍ਹ ਦਿੱਤਾ ਜਾਵੇਗਾ।