The Khalas Tv Blog India ਰਾਹੁਲ ਗਾਂਧੀ ਨੂੰ ਤਾਂ ਐਮਐਸਪੀ ਦਾ ਮਤਲਬ ਤੱਕ ਨਹੀਂ ਪਤਾ: ਅਮਿਤ ਸ਼ਾਹ
India

ਰਾਹੁਲ ਗਾਂਧੀ ਨੂੰ ਤਾਂ ਐਮਐਸਪੀ ਦਾ ਮਤਲਬ ਤੱਕ ਨਹੀਂ ਪਤਾ: ਅਮਿਤ ਸ਼ਾਹ

ਹਰਿਆਣਾ ਚੋਣਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ੁੱਕਰਵਾਰ ਨੂੰ ਅੰਬਾਲਾ ‘ਚ ਰੈਲੀ ‘ਚ ਪਹੁੰਚੇ ਹਨ।  ਰੈਲੀ ਨੂੰ ਸੰਬੋਧਨ ਦੌਰਾਨ ਕਾਂਗਰਸ ਆਗੂ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉਤੇ ਜ਼ੋਰਦਾਰ ਹਮਲਾ ਬੋਲਦਿਆਂ ਸਵਾਲ ਕੀਤਾ ਕਿ ਕੀ ਰਾਹੁਲ ਨੂੰ ‘ਐਮਐਸਪੀ’ ਦਾ ਪੂਰਾ ਮਤਲਬ ਵੀ ਪਤਾ ਹੈ। ਉਨ੍ਹਾਂ ਨਾਲ ਹੀ ਦਾਅਵਾ ਕੀਤਾ ਕਿ ਹਰਿਆਣਾ ਦੀ ਭਾਜਪਾ ਸਰਕਾਰ 24 ਫ਼ਸਲਾਂ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਉਤੇ ਖ਼ਰੀਦ ਰਹੀ ਹੈ।

ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ ਸਿਰਫ਼ ਇਸ ਕਾਰਨ ਐਮਐਸਪੀ ਦੀ ਗੱਲ ਕਰ ਰਹੇ ਹਨ ਕਿਉਂਕਿ ਕਿਸੇ ਐਨਜੀਓ ਨੇ ਰਾਹੁਲ ‘ਬਾਬਾ’ ਨੂੰ ਇਹ ਦੱਸ ਦਿੱਤਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਵੋਟਾਂ ਮਿਲਣਗੀਆਂ। ਉਨ੍ਹਾਂ ਕਿਹਾ, ‘‘ਰਾਹੁਲ ਬਾਬਾ, ਕੀ ਤੁਹਾਨੂੰ ਐਮਐਸਪੀ ਦੀ ਫੁੱਲ ਫਾਰਮ ਵੀ ਪਤਾ ਹੈ। ਤੁਹਾਨੂੰ ਪਤਾ ਹੈ ਕਿ ਕਿਹੜੀਆਂ ਫ਼ਸਲਾਂ ਸਾਉਣੀ ਦੀਆਂ ਹੁੰਦੀਆਂ ਹਨ ਤੇ ਕਿਹੜੀਆਂ ਹਾੜ੍ਹੀ ਦੀਆਂ।’’

ਹਰਿਅਣਾ ਵਿਚ 5 ਅਕਤੂਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਹੱਕ ਵਿਚ ਪ੍ਰਚਾਰ ਕਰਨ ਆਏ ਸ਼ਾਹ ਨੇ ਕਾਂਗਰਸ ਉਤੇ ਭ੍ਰਿਸ਼ਟਾਚਾਰ ਤੇ ਰਾਖਵੇਂਕਰਨ ਦੇ ਮੁੱਦੇ ਉਤੇ ਵੀ ਹਮਲੇ ਬੋਲੇ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਸਰਕਾਰਾਂ ਸਿਰਫ਼ ‘ਕਮਿਸ਼ਨ ਤੇ ਭ੍ਰਿਸ਼ਟਾਚਾਰ’ ਦੇ ਜ਼ਰੀਏ ਚੱਲਦੀਆਂ ਸਨ ਜਦੋਂਕਿ ਦੂਜੇ ਪਾਸੇ ‘ਡੀਲਰ, ਦਲਾਲ ਤੇ ਦਾਮਾਦ’ ਰਾਜ ਕਰਦੇ ਸਨ।

ਸ਼ਾਹ ਨੇ ਰਾਹੁਲ ਗਾਂਧੀ ਨੂੰ ਕਾਂਗਰਸ ਸ਼ਾਸਿਤ ਰਾਜਾਂ ਵਿੱਚ ਐਮਐਸਪੀ ਲਾਗੂ ਕਰਨ ਦੀ ਚੁਣੌਤੀ ਦਿੱਤੀ। ਸ਼ਾਹ ਨੇ ਦੁਹਰਾਇਆ ਕਿ ਹਰਿਆਣਾ ਵਿੱਚ ਕਾਂਗਰਸ ਦੀ ਰੈਲੀ ਵਿੱਚ ਪਾਕਿਸਤਾਨ ਦੇ ਨਾਅਰੇ ਲਾਏ ਗਏ ਸਨ।

ਅੰਬਾਲਾ ਤੋਂ ਬਾਅਦ ਉਹ ਕੁਰੂਕਸ਼ੇਤਰ ਦੇ ਲਾਡਵਾ ਵਿੱਚ ਰੈਲੀਆਂ ਕਰਨਗੇ। 4 ਦਿਨ ਪਹਿਲਾਂ ਵੀ ਅਮਿਤ ਸ਼ਾਹ ਹਰਿਆਣਾ ‘ਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ। ਉਨ੍ਹਾਂ ਨੇ ਫਤਿਹਾਬਾਦ ਦੇ ਟੋਹਾਣਾ ਅਤੇ ਯਮੁਨਾਨਗਰ ਦੇ ਜਗਾਧਰੀ ਵਿੱਚ ਰੈਲੀਆਂ ਕੀਤੀਆਂ।

 

Exit mobile version