ਮਾਸਕੋ (26 ਮਾਰਚ, 2026): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੱਧ ਪੂਰਬ (Middle East) ਵਿੱਚ ਜਾਰੀ ਜੰਗ ਨੂੰ ਲੈ ਕੇ ਵਿਸ਼ਵ ਭਾਈਚਾਰੇ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਮਾਸਕੋ ਵਿੱਚ ਕਾਰੋਬਾਰੀ ਆਗੂਆਂ ਨਾਲ ਗੱਲਬਾਤ ਕਰਦਿਆਂ ਪੁਤਿਨ ਨੇ ਕਿਹਾ ਕਿ ਜੇ ਇਹ ਸੰਘਰਸ਼ ਇੰਝ ਹੀ ਜਾਰੀ ਰਿਹਾ, ਤਾਂ ਦੁਨੀਆ ਨੂੰ ਕੋਵਿਡ (COVID) ਮਹਾਮਾਰੀ ਵਰਗੇ ਭਿਆਨਕ ਆਰਥਿਕ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੁਤਿਨ ਅਨੁਸਾਰ, ਇਸ ਜੰਗ ਦੇ ਨਤੀਜਿਆਂ ਦਾ ਸਹੀ ਅੰਦਾਜ਼ਾ ਲਗਾਉਣਾ ਫਿਲਹਾਲ ਮੁਸ਼ਕਲ ਹੈ, ਇੱਥੋਂ ਤੱਕ ਕਿ ਜੰਗ ਵਿੱਚ ਸ਼ਾਮਲ ਦੇਸ਼ ਵੀ ਇਸ ਦੇ ਦੂਰਗਾਮੀ ਪ੍ਰਭਾਵਾਂ ਤੋਂ ਅਣਜਾਣ ਹਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਲੌਜਿਸਟਿਕਸ, ਉਤਪਾਦਨ ਅਤੇ ਸਪਲਾਈ ਚੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਤੇਲ-ਗੈਸ, ਧਾਤਾਂ ਅਤੇ ਖਾਦ ਖੇਤਰ ਦੀਆਂ ਕੰਪਨੀਆਂ ’ਤੇ ਲਗਾਤਾਰ ਦਬਾਅ ਵਧ ਰਿਹਾ ਹੈ।
ਬਾਬ-ਅਲ-ਮੰਦੇਬ ਸਟ੍ਰੇਟ ’ਤੇ ਮੰਡਰਾਇਆ ਖ਼ਤਰਾ
ਈਰਾਨ ਨੇ ਹੁਣ ਹੋਮੁਰਜ਼ ਤੋਂ ਬਾਅਦ ‘ਬਾਬ-ਅਲ-ਮੰਦੇਬ’ (Bab-al-Mandeb) ਸਟ੍ਰੇਟ ਨੂੰ ਵੀ ਬੰਦ ਕਰਨ ਦੀ ਧਮਕੀ ਦਿੱਤੀ ਹੈ। ਇਹ ਰਸਤਾ ਲਾਲ ਸਾਗਰ (Red Sea) ਦਾ ਐਂਟਰੀ ਪੁਆਇੰਟ ਹੈ ਅਤੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਸ਼ਿਪਿੰਗ ਰੂਟ ਹੈ, ਜਿੱਥੋਂ 12% ਤੇਲ ਦੀ ਸਪਲਾਈ ਹੁੰਦੀ ਹੈ। ਜੇਕਰ ਇਹ ਰਸਤਾ ਬੰਦ ਹੁੰਦਾ ਹੈ, ਤਾਂ ਵਿਸ਼ਵ ਅਰਥਵਿਵਸਥਾ ਵਿੱਚ ਵੱਡਾ ਭੂਚਾਲ ਆ ਸਕਦਾ ਹੈ।

