ਬਿਉਰੋ ਰਿਪੋਰਟ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਉਹ ਯੁੱਧ ਦੇ ਸਮਝੌਤੇ ਨੂੰ ਲੈ ਕੇ ਯੂਕਰੇਨ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਪੁਤਿਨ ਨੇ ਕਿਹਾ ਹੈ ਕਿ ਭਾਰਤ, ਚੀਨ ਜਾਂ ਬ੍ਰਾਜ਼ੀਲ ਦੋਵਾਂ ਦੇਸ਼ਾਂ ਵਿਚਾਲੇ ਵਿਚੋਲਗੀ ਕਰ ਸਕਦੇ ਹਨ।
ਰੂਸੀ ਸ਼ਹਿਰ ਵਲਾਦੀਵੋਸਤੋਕ ਵਿੱਚ ਪੂਰਬੀ ਆਰਥਿਕ ਫੋਰਮ (EEZ) ਵਿੱਚ ਗੱਲਬਾਤ ਦੌਰਾਨ ਪੁਤਿਨ ਨੇ ਕਿਹਾ ਕਿ ਜਦੋਂ 2022 ਵਿੱਚ ਯੁੱਧ ਸ਼ੁਰੂ ਹੋਇਆ ਸੀ, ਤਾਂ ਤੁਰਕੀ ਨੇ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ, ਉਹ ਸ਼ਰਤਾਂ ਕਦੇ ਲਾਗੂ ਨਹੀਂ ਕੀਤੀਆਂ ਗਈਆਂ। ਹੁਣ ਪਿਛਲੀਆਂ ਕੋਸ਼ਿਸ਼ਾਂ ਨੂੰ ਨਵੀਂ ਗੱਲਬਾਤ ਸ਼ੁਰੂ ਕਰਨ ਲਈ ਆਧਾਰ ਵਜੋਂ ਵਰਤਿਆ ਜਾ ਸਕਦਾ ਹੈ।
ਜੰਗ ਰੋਕਣ ਲਈ ਪੁਤਿਨ ਦੀਆਂ ਸ਼ਰਤਾਂ
ਫਰਵਰੀ 2022 ਵਿੱਚ ਯੁੱਧ ਸ਼ੁਰੂ ਹੋਣ ਤੋਂ ਇੱਕ ਮਹੀਨੇ ਬਾਅਦ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਵਿੱਚ ਰੂਸ ਅਤੇ ਯੂਕਰੇਨ ਦਰਮਿਆਨ ਕਈ ਦੌਰ ਦੀ ਗੱਲਬਾਤ ਹੋਈ। ਇਸ ਦਾ ਮਕਸਦ ਜੰਗ ਨੂੰ ਰੋਕਣਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜੰਗ ਨੂੰ ਰੋਕਣ ਲਈ ਦੋ ਸ਼ਰਤਾਂ ਰੱਖੀਆਂ ਸਨ।
ਉਨ੍ਹਾਂ ਨੇ ਕਿਹਾ ਸੀ ਕਿ ਯੂਕਰੇਨ ਨੂੰ ਡੋਨੇਤਸਕ, ਲੁਹਾਂਸਕ, ਖੇਰਸੋਨ ਅਤੇ ਜ਼ਪੋਰਿਜ਼ੀਆ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਲੈਣਾ ਹੋਵੇਗਾ। ਇਸ ਤੋਂ ਇਲਾਵਾ ਯੂਕਰੇਨ ਕਦੇ ਵੀ ਨਾਟੋ ਦਾ ਹਿੱਸਾ ਨਹੀਂ ਬਣੇਗਾ। ਹਾਲਾਂਕਿ ਯੂਕਰੇਨ ਨੇ ਇਨ੍ਹਾਂ ਸ਼ਰਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਦੱਸ ਦੇਈਏ ਪੁਤਿਨ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਪੀਐਮ ਮੋਦੀ ਕਰੀਬ ਦੋ ਮਹੀਨੇ ਪਹਿਲਾਂ 8 ਜੁਲਾਈ ਨੂੰ ਰੂਸ ਗਏ ਸਨ। ਇੱਥੇ ਉਨ੍ਹਾਂ ਪੁਤਿਨ ਨਾਲ ਜੰਗ ਨੂੰ ਰੋਕਣ ਬਾਰੇ ਚਰਚਾ ਕੀਤੀ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਪੀਐਮ ਮੋਦੀ 23 ਅਗਸਤ ਨੂੰ ਯੂਕਰੇਨ ਵੀ ਗਏ ਸਨ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਭਾਰਤ ਵਿੱਚ ਦੂਜਾ ਸ਼ਾਂਤੀ ਸੰਮੇਲਨ ਆਯੋਜਿਤ ਕਰਨ ਦੀ ਇੱਛਾ ਪ੍ਰਗਟਾਈ ਸੀ। ਜ਼ੇਲੇਂਸਕੀ ਨਾਲ ਮੁਲਾਕਾਤ ਵਿੱਚ ਪੀਐੱਮ ਮੋਦੀ ਨੇ ਕਿਹਾ ਸੀ ਕਿ ਭਾਰਤ ਹਮੇਸ਼ਾ ਸ਼ਾਂਤੀ ਦੇ ਪੱਖ ’ਚ ਰਿਹਾ ਹੈ।