The Khalas Tv Blog International ਪੰਜਾਬ ਦੇ ਕੁਵਰ ਅੰਮ੍ਰਿਤਬੀਰ ਸਿੰਘ ਨੂੰ ਇੰਡੋਨੇਸ਼ੀਆ ਦੇ ਸ਼ਾਹੀ ਪਰਿਵਾਰ ਵੱਲੋਂ ਵੱਕਾਰੀ ਸ਼ਾਹੀ ਖਿਤਾਬ ਨਾਲ ਸਨਮਾਨਿਆ
International Punjab

ਪੰਜਾਬ ਦੇ ਕੁਵਰ ਅੰਮ੍ਰਿਤਬੀਰ ਸਿੰਘ ਨੂੰ ਇੰਡੋਨੇਸ਼ੀਆ ਦੇ ਸ਼ਾਹੀ ਪਰਿਵਾਰ ਵੱਲੋਂ ਵੱਕਾਰੀ ਸ਼ਾਹੀ ਖਿਤਾਬ ਨਾਲ ਸਨਮਾਨਿਆ

ਪੰਜਾਬ ਦਾ ਫਿਟਨੈੱਸ ਆਈਕਨ ਕੁਵਰ ਅੰਮ੍ਰਿਤਬੀਰ ਸਿੰਘ ਨੂੰ ਇੰਡੋਨੇਸ਼ੀਆ ਦੇ ਸ਼ਾਹੀ ਪਰਿਵਾਰ ਵੱਲੋਂ ਇੱਕ ਉੱਚ ਵੱਕਾਰੀ ਸ਼ਾਹੀ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਇਤਿਹਾਸਕ ਸਮਾਰੋਹ ਵਿੱਚ ਸ਼ਾਹੀ ਪਰਿਵਾਰ ਨੇ ਉਸਦੀ ਅਦਭੁਤ ਫਿਟਨੈੱਸ, ਅਨੁਸ਼ਾਸਨ, ਦੇਸੀ ਕਸਰਤ ਅਤੇ ਨੌਜਵਾਨਾਂ ਲਈ ਗਲੋਬਲ ਰਾਜਦੂਤ ਵਜੋਂ ਨਿਭਾਈ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਖਿਤਾਬ ਨਾਲ ਪੰਜਾਬ ਦਾ ਮਾਣ ਵਿਸ਼ਵ ਪੱਧਰ ’ਤੇ ਉੱਚਾ ਚੁੱਕਿਆ ਗਿਆ ਹੈ

ਗੁਰਦਾਸਪੁਰ ਦੇ ਪਿੰਡ ਉਮਰਵਾਲਾ ਦਾ ਰਹਿਣ ਵਾਲਾ 20 ਸਾਲਾ ਅੰਮ੍ਰਿਤਬੀਰ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵਿਦਿਆਰਥੀ ਹੈ। ਉਹ ਇੱਕ ਮਿੰਟ ਵਿੱਚ ਉਂਗਲਾਂ ਦੇ ਪੋਟਿਆਂ ’ਤੇ ਸਭ ਤੋਂ ਵੱਧ ਕਲੈਪ ਪੁਸ਼-ਅੱਪਸ ਕਰਨ ਦਾ ਗਿਨੀਜ਼ ਵਰਲਡ ਰਿਕਾਰਡ ਧਾਰਕ ਹੈ। ਉਸਨੇ 17 ਸਾਲ ਦੀ ਉਮਰ ਵਿੱਚ ਫਿਟਨੈੱਸ ਯਾਤਰਾ ਸ਼ੁਰੂ ਕੀਤੀ ਅਤੇ ਘਰ ਦੇ ਪਸ਼ੂਆਂ ਵਾਲੇ ਸ਼ੈੱਡ ਵਿੱਚ ਇੱਟਾਂ, ਰੇਤ ਦੀਆਂ ਬੋਰੀਆਂ ਅਤੇ ਸੀਮਿੰਟ ਵਾਲੀਆਂ ਬੋਰੀਆਂ ਨੂੰ ਵਜ਼ਨ ਵਜੋਂ ਵਰਤ ਕੇ ਕਸਰਤ ਕੀਤੀ। ਉਹ ਮਹਿੰਗੇ ਜਿਮ ਜਾਂ ਪ੍ਰੋਟੀਨ ਸਪਲੀਮੈਂਟਸ ਤੋਂ ਬਿਨਾਂ ਦੇਸੀ ਘਿਓ, ਮੱਖਣ ਅਤੇ ਦੁੱਧ ਵਰਗੀ ਖੁਰਾਕ ’ਤੇ ਵਿਸ਼ਵਾਸ ਰੱਖਦਾ ਹੈ।

ਕੁਵਰ ਦਾ ਸਫ਼ਰ ਪਿੰਡ ਦੀਆਂ ਗਲੀਆਂ ਤੋਂ ਇੰਡੋਨੇਸ਼ੀਆ ਦੇ ਸ਼ਾਹੀ ਦਰਬਾਰ ਤੱਕ ਪਹੁੰਚਿਆ ਹੈ, ਜੋ ਪੰਜਾਬੀ ਜੜ੍ਹਾਂ ਅਤੇ ਮੁੱਲਾਂ ਦੀ ਤਾਕਤ ਨੂੰ ਦਰਸਾਉਂਦਾ ਹੈ। ਇਸ ਖਬਰ ਤੋਂ ਬਾਅਦ ਪੂਰੇ ਪੰਜਾਬ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਸਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

ਅੰਮ੍ਰਿਤਬੀਰ ਇੱਕ ਫਿਟਨੈੱਸ ਆਈਕਨ ਅਤੇ ਪ੍ਰੇਰਣਾਦਾਇਕ ਬੁਲਾਰਾ ਵੀ ਹੈ। ਉਸਦੇ ਇੰਸਟਾਗ੍ਰਾਮ ’ਤੇ ਲਗਭਗ 2.3 ਲੱਖ ਫਾਲੋਅਰਜ਼ ਹਨ। ਉਸਨੇ ਇੱਕ ਵਿਲੱਖਣ ਪਹਿਲ ਕੀਤੀ ਹੈ ਜਿਸ ਤਹਿਤ ਉਹ ਸਿਰਫ਼ 5 ਰੁਪਏ ਵਿੱਚ ਡਾਈਟ ਅਤੇ ਫਿਟਨੈੱਸ ਟਿਪਸ ਦਿੰਦਾ ਹੈ। ਉਸਦਾ ਮੁੱਖ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਕੁਦਰਤੀ ਤਰੀਕਿਆਂ ਨਾਲ ਸਿਹਤਮੰਦ ਬਣਾਉਣਾ ਹੈ। ਉਹ ਆਪਣੀਆਂ ਪੋਸਟਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਲਗਾਤਾਰ ਪ੍ਰੇਰਿਤ ਕਰ ਰਿਹਾ ਹੈ ਕਿ ਬਿਨਾਂ ਵੱਡੇ ਸਾਧਨਾਂ ਦੇ ਵੀ ਦ੍ਰਿੜ੍ਹ ਇਰਾਦੇ ਨਾਲ ਵਿਸ਼ਵ ਪੱਧਰੀ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ।

 

 

Exit mobile version