Mohali :ਕੋਲਕਾਤਾ ਨਾਈਟ ਰਾਈਡਰਜ਼ ਨੂੰ ਪੰਜਾਬ ਕਿੰਗਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਵਿਚ ਮਹਾਰਾਜਾ ਯਾਦਵਿੰਦਰਾ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਆਈਪੀਐਲ ਦੇ ਸੀਜ਼ਨ 2025 ਦੇ ਅੱਜ ਹੋਏ 31ਵੇਂ ਮੈਚ ਵਿਚ ਬੇਹੱਦ ਰੋਮਾਂਚਿਕ ਮੁਕਾਬਲੇ ਵਿਚ ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੂੰ 16 ਦੌੜਾਂ ਨਾਲ ਹਰਾ ਦਿੱਤਾ।
ਪੰਜਾਬ ਦੇ ਬੱਲੇਬਾਜ਼ ਭਾਵੇਂ ਕੋਈ ਕਮਾਲ ਨਾ ਵਿਖਾ ਸਕੇ ਪਰ ਯੁਜਵਿੰਦਰ ਚਾਹਲ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਪੰਜਾਬ ਦੀ ਜਿੱਤ ਲਈ ਵੱਡੀ ਭੂਮਿਕਾ ਨਿਭਾਈ। ਪੰਜਾਬ ਕਿੰਗਜ਼ ਦੀ ਟੀਮ ਨੇ ਟਾਸ ਜਿੱਤਣ ਉਪਰੰਤ ਪਹਿਲਾਂ ਬੱਲੇਬਾਜ਼ੀ ਚੁਣੀ ਪਰ ਟੀਮ ਆਪਣੀ ਪੂਰੀ ਪਾਰੀ ਵੀ ਨਾ ਖੇਡ ਸਕੀ ਅਤੇ ਟੀਮ ਦੇ ਸਾਰੇ ਖਿਡਾਰੀ 15.3 ਓਵਰਾਂ ਵਿਚ 111 ਦੌੜਾਂ ਬਣਾ ਕੇ ਆਊਟ ਹੋ ਗਏ। ਜਵਾਬ ਵਿਚ ਕੇਕੇਆਰ ਦੀ ਟੀਮ 15.1 ਓਵਰਾਂ ਵਿੱਚ 95 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
ਪੰਜਾਬ ਕਿੰਗਜ਼ ਵਲੋਂ ਦੋ ਬੱਲੇਬਾਜ਼ਾਂ ਪ੍ਰਿਯਾਂਸ ਆਰੀਆ ਦੇ 22 ਅਤੇ ਪ੍ਰਭਸਿਮਰਨ ਸਿੰਘ ਦੇ 30 ਦੌੜਾਂ ਤੋਂ ਇਲਾਵਾ ਕੋਈ ਵੀ ਹੋਰ ਬੱਲੇਬਾਜ਼ 20 ਦੌੜਾਂ ਵੀ ਨਾ ਬਣਾ ਸਕਿਆ। ਕੋਲਕਾਤਾ ਨਾਈਟ ਰਾਈਡਰਜ਼ ਵਿਚ ਖੇਡ ਰਹੇ ਮੁਹਾਲੀ ਦੇ ਖਿਡਾਰੀ ਰਮਨਦੀਪ ਸਿੰਘ ਨੇ ਸ਼ਾਨਦਾਰ ਤਿੰਨ ਕੈਚ ਲੈ ਕੇ ਪੰਜਾਬ ਦੀ ਟੀਮ ਦੇ ਤਿੰਨ ਪ੍ਰਮੁੱਖ ਖ਼ਿਡਾਰੀਆਂ ਨੂੰ ਆਊਟ ਕੀਤਾ।
ਪੰਜਾਬ ਕਿੰਗਜ਼ ਦੀ ਬੱਲੇਬਾਜ਼ੀ ਵੀ ਅਸਫਲ ਰਹੀ। ਪ੍ਰਿਯਾਂਸ਼ ਆਰੀਆ ਨੇ 12 ਗੇਂਦਾਂ ‘ਚ 22 ਦੌੜਾਂ, ਪ੍ਰਭਸਿਮਰਨ ਨੇ 15 ਗੇਂਦਾਂ ਵਿੱਚ 30 ਦੌੜਾਂ ਬਣਾਈਆਂ ਤੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ ਪਰ ਇਸ ਤੋਂ ਬਾਅਦ ਪੰਜਾਬ ਦਾ ਬੁਰਾ ਸਮਾਂ ਸ਼ੁਰੂ ਹੋ ਗਿਆ। ਹਰਸ਼ਿਤ ਰਾਣਾ ਨੇ ਪੰਜਾਬ ਦੇ ਚੋਟੀ ਦੇ 3 ਬੱਲੇਬਾਜ਼ਾਂ ਨਾਲ ਨਜਿੱਠਿਆ। ਕਪਤਾਨ ਸ਼੍ਰੇਅਸ ਅਈਅਰ 0 ਦੌੜਾਂ ‘ਤੇ ਆਊਟ ਹੋ ਗਏ। ਜੋਸ਼ ਇੰਗਲਿਸ ਸਿਰਫ਼ 2 ਦੌੜਾਂ ਹੀ ਬਣਾ ਸਕੇ।
ਨੇਹਲ ਵਢੇਰਾ ਨੇ 10 ਦੌੜਾਂ ਬਣਾਈਆਂ ਅਤੇ ਮੈਕਸਵੈੱਲ ਫਿਰ ਅਸਫਲ ਰਿਹਾ, ਉਹ ਸਿਰਫ਼ 7 ਦੌੜਾਂ ਹੀ ਬਣਾ ਸਕਿਆ। ਪ੍ਰਭਾਵ ਵਾਲਾ ਖਿਡਾਰੀ ਸੂਰਯਾਂਸ਼ ਸ਼ੈੱਡਗੇ 4 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਸ਼ਸ਼ਾਂਕ ਸਿੰਘ ਨੇ 18 ਦੌੜਾਂ ਅਤੇ ਬਾਰਟਲੇਟ ਨੇ 11 ਦੌੜਾਂ ਦਾ ਯੋਗਦਾਨ ਪਾ ਕੇ ਟੀਮ ਨੂੰ 111 ਦੌੜਾਂ ਤੱਕ ਪਹੁੰਚਾਇਆ।ਭਾਵੇਂ ਇਹ ਸਕੋਰ ਛੋਟਾ ਸੀ ਪਰ ਪੰਜਾਬ ਦੇ ਗੇਂਦਬਾਜ਼ਾਂ ਨੇ ਚਮਤਕਾਰੀ ਪ੍ਰਦਰਸ਼ਨ ਕੀਤਾ ਅਤੇ ਅਸੰਭਵ ਨੂੰ ਸੰਭਵ ਬਣਾ ਦਿੱਤਾ।