ਖੰਨਾ ਦੇ ਨੇੜਲੇ ਪਿੰਡ ਭੁਮੱਦੀ ਦਾ ਨੌਜਵਾਨ ਉਦੈਵੀਰ ਸਿੰਘ ਕੈਨੇਡਾ ਵਿੱਚ ਭੇਦਭਰੇ ਹਾਲਾਤਾਂ ਵਿੱਚ ਜ਼ਿੰਦਗੀ ਗੁਆ ਬੈਠਾ। ਉਸ ਦੀ ਲਾਸ਼ ਇੱਕ ਪਾਰਕ ਵਿੱਚ ਝੂਲੇ ਦੇ ਪੋਲ ਨਾਲ ਲਟਕਦੀ ਮਿਲੀ। ਮੁੱਢਲੀਆਂ ਰਿਪੋਰਟਾਂ ਮੁਤਾਬਕ, ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ, ਪਰ ਅਧਿਕਾਰਕ ਪੁਸ਼ਟੀ ਨਹੀਂ ਹੋਈ।
ਉਦੈਵੀਰ ਤਿੰਨ ਸਾਲ ਪਹਿਲਾਂ ਚੰਗੇ ਭਵਿੱਖ ਦੀ ਉਮੀਦ ਨਾਲ ਕੈਨੇਡਾ ਗਿਆ ਸੀ, ਪਰ ਉਹ ਇੱਕ ਏਜੰਟ ਦੇ ਝਾਂਸੇ ਵਿੱਚ ਫਸ ਗਿਆ। ਏਜੰਟ ਨੇ ਉਸ ਦੇ ਨਾਮ ‘ਤੇ ਮਹਿੰਗੀ ਕਾਰ ਲੋਨ ‘ਤੇ ਲੈ ਲਈ, ਜਿਸ ਦੀਆਂ ਕਿਸ਼ਤਾਂ ਨਾ ਭਰਨ ਕਾਰਨ ਉਦੈਵੀਰ ਆਰਥਿਕ ਮੁਸ਼ਕਲਾਂ ਵਿੱਚ ਫਸ ਗਿਆ। ਦਾਅਵਾ ਹੈ ਕਿ ਏਜੰਟ ਦੇ ਲਗਾਤਾਰ ਦਬਾਅ ਕਾਰਨ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋ ਗਿਆ ਅਤੇ ਅਖੀਰ ਖੁਦਕੁਸ਼ੀ ਕਰ ਲਈ।
ਪਰਿਵਾਰ ਨੇ ਅਜੇ ਤੱਕ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ। ਇਸ ਘਟਨਾ ਨੇ ਪਿੰਡ ਭੁਮੱਦੀ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ, ਅਤੇ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਗਹਿਰੇ ਦੁੱਖ ਵਿੱਚ ਹਨ। ਉਦੈਵੀਰ ਦੀ ਲਾਸ਼ ਨੂੰ ਪੰਜਾਬ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਭਾਰਤੀ ਹਾਈ ਕਮਿਸ਼ਨ ਤੋਂ ਮਦਦ ਮੰਗੀ ਹੈ, ਤਾਂ ਜੋ ਅੰਤਿਮ ਸੰਸਕਾਰ ਪਿੰਡ ਵਿੱਚ ਹੋ ਸਕੇ।