ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਦੇ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਚ ਹਾਰਟ ਅਟੈਕ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਰਨ ਸਿੰਘ ਵਜੋਂ ਹੋਈ ਹੈ। ਕਰਨ ਸਿੰਘ ਅੱਜ ਤੋਂ 5 ਸਾਲ ਪਹਿਲਾਂ ਯਾਨੀ 2019 ਵਿਚ ਕੈਨੇਡਾ ਗਿਆ ਸੀ। ਉਦੋਂ ਉਸ ਦੀ ਉਮਰ ਮਹਿਜ਼ 18 ਸਾਲ ਸੀ। ਤੇ ਬੀਤੇ ਦਿਨੀਂ ਯਾਨੀ ਨਵੇਂ ਸਾਲ ਦੇ ਪਹਿਲੇ ਦਿਨ ਕਰਨ ਸਿੰਘ ਦੀ ਕੈਨੇਡਾ ਵਿਚ ਮੌਤ ਹੋ ਗਈ।
ਮ੍ਰਿਤਕ ਕਰਨ ਸਿੰਘ ਦੀ ਮਾਂ ਨੇ ਦੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਜਿਗਰ ਦੇ ਟੁਕੜੇ ਨੂੰ ਪੰਜ ਸਾਲ ਪਹਿਲਾਂ ਵਿਦੇਸ਼ ਭੇਜਿਆ ਸੀ। ਉਨ੍ਹਾਂ ਆਖਿਆ ਕਿ ਕਰਨ ਸਿੰਘ ਨੇ ਕੁਝ ਸਮੇਂ ਬਾਅਦ ਗਿੱਦੜਬਾਹਾ ਵਾਪਸ ਆਉਣਾ ਸੀ ਤੇ ਪਰਿਵਾਰ ਵੱਲੋਂ ਧਾਰਮਿਕ ਸਮਾਗਮ ਵੀ ਕਰਵਾਏ ਜਾਣੇ ਸਨ ਪਰ ਇਸ ਤੋਂ ਪਹਿਲਾਂ ਹੀ ਕਰਨ ਸਿੰਘ ਨਾਲ ਹਾਦਸਾ ਵਾਪਰ ਗਿਆ। ਕਰਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਤੋਂ ਇਲਾਵਾ ਕਰਨ ਦੀ ਇਕ ਭੈਣ ਹੈ, ਜੋ ਕਿ ਬਜ਼ੁਰਗ ਮਾਪਿਆਂ ਦਾ ਇੱਕੋ-ਇਕ ਸਹਾਰਾ ਹੈ।
ਕੈਨੇਡਾ ਦੇ ਟੋਰਾਂਟੋ ਵਿਚ ਕਰਨ ਸਿੰਘ ਨਾਲ ਰਹਿੰਦੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਕਰਨ ਬਹੁਤ ਹੀ ਮਿਹਨਤੀ ਤੇ ਇਮਾਨਦਾਰ ਲੜਕਾ ਸੀ। ਮ੍ਰਿਤਕ ਦੀ ਮਾਂ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੱਥ ਜੋੜ ਕੇ ਫ਼ਰਿਆਦ ਕੀਤੀ ਹੈ। ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਕਰ ਸਕਣ ਤੇ ਉਸ ਦਾ ਸਸਕਾਰ ਕਰ ਸਕਣ।