ਬਿਉਰੋ ਰਿਪੋਰਟ – ਇੰਗਲੈਂਡ ਦੇ ਸ਼ਹਿਰ ਹਡਸਫੀਲਡ ਵਿੱਚ ਇੱਕ ਸਟੋਰ ਵਿੱਚ ਕੰਮ ਕਰਨ ਵਾਲੇ 23 ਸਾਲ ਦੇ ਹਰਮਨਜੋਤ ਸਿੰਘ ਦੀ ਮੌਤ ਹੋ ਗਈ ਹੈ । ਹਰਮਨਜੋਤ ਸਿੰਘ ਕਪੂਰਥਲਾ ਦੇ ਪਿੰਡ ਲਖਣ ਦਾ ਰਹਿਣ ਵਾਲਾ ਸੀ । ਤਕਰੀਬਨ ਡੇਢ ਸਾਲ ਤੋਂ ਇੰਗਲੈਂਡ ਰਹਿ ਰਹੇ ਹਰਮਨਜੋਤ 10 ਦਿਨ ਪਹਿਲਾਂ ਜ਼ਖਮੀ ਹਾਲਤ ਵਿੱਚ ਮਿਲਿਆ ਸੀ । ਪਹਿਚਾਣ ਵਾਲਿਆਂ ਨੇ ਪੁਲਿਸ ਦੀ ਮਦਦ ਨਾਲ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ।
ਪਰਿਵਾਰ ਦਾ ਇਲਜ਼ਾਮ ਹੈ ਕਿ ਸਟੋਰ ਮਾਲਿਕ ਨੇ ਸਹੀ ਇਲਾਜ ਨਹੀਂ ਕਰਵਾਇਆ ਜਿਸ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ ਹੈ । ਪੀੜਤ ਪਰਿਵਾਰ ਨੇ ਮੌਤ ਨੂੰ ਗਹਿਰੀ ਸਾਜਿਸ਼ ਦੱਸਿਆ ਹੈ । ਉਨ੍ਹਾਂ ਨੇ ਇੰਗਲੈਂਡ ਪੁਲਿਸ ਨੂੰ ਇਸ ਮਾਮਲੇ ਵਿੱਚ ਜਾਂਚ ਦੀ ਮੰਗ ਕੀਤੀ ਹੈ ਅਤੇ ਮ੍ਰਿਤਕ ਦੇਹ ਜਲਦ ਭਾਰਤ ਭੇਜਣ ਦੀ ਅਪੀਲ ਕੀਤੀ ਹੈ ।
ਹਰਮਨਜੋਤ ਚੰਗੇ ਭਵਿੱਖ ਦੀ ਤਲਾਸ਼ ਲਈ ਇੰਗਲੈਂਡ ਗਿਆ ਸੀ । ਪਰਿਵਾਰ ਵਿੱਚ ਉਸ ਦੀ ਮਾਂ ਕੁਲਬੀਰ ਕੌਰ ਅਤੇ ਉਸ ਦੀ ਵੱਡੀ ਭੈਣ ਹੈ ਜੋ ਕੈਨੇਡਾ ਵਿੱਚ ਰਹਿੰਦੀ ਹੈ । ਪੁੱਤਰ ਦੀ ਮੌਤ ਨਾਲ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।