The Khalas Tv Blog Punjab ਪੰਜਾਬੀ ਯੂਨੀਵਰਸਿਟੀ ਵਿੱਚ ਮਾਂ ਬੋਲੀ ਹੋਈ ਬੇਗਾਨੀ
Punjab

ਪੰਜਾਬੀ ਯੂਨੀਵਰਸਿਟੀ ਵਿੱਚ ਮਾਂ ਬੋਲੀ ਹੋਈ ਬੇਗਾਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਦੀ ਪ੍ਰਫੁੱਲਤਾ ਲਈ ਬਣਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਮਾਂ ਬੋਲੀ ਬੇਗਾਨੀ ਹੋ ਕੇ ਰਹਿ ਗਈ ਹੈ। ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਨਾਲ ਮਤਰੇਈ ਮਾਂ ਵਾਲਾ ਸਲੂਕ ਹੋਣ ਲੱਗਾ ਹੈ। ਯੂਨੀਵਰਸਿਟੀ ਨੇ ਮਾਂ ਬੋਲੀ ਵਿਰੋਧੀ ਫੈਸਲਾ ਲੈਂਦਿਆਂ ਪੰਜਾਬੀ ਨਾਲ ਸਬੰਧਿਤ ਦੋ ਵਿਭਾਗਾਂ ਦਾ ਰਲੇਵਾਂ ਕਰਕੇ ਖੋਜ ਦਾ ਗਲਾ ਘੁੱਟ ਦਿੱਤਾ ਹੈ। ਪੰਜਾਬ ਇਤਿਹਾਸ ਅਧਿਐਨ ਵਿਭਾਗ ਅਤੇ ਪੰਜਾਬ ਇਤਿਹਾਸ ਵਿਭਾਗ ਦਾ ਰਲੇਵਾਂ ਕਰਕੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦਾ ਨਾਂ ਦੇ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਇਸ ਫੈਸਲੇ ਦਾ ਚਾਰੇ ਪਾਸਿਆਂ ਤੋਂ ਵਿਰੋਧ ਹੋਣ ਲੱਗਾ ਹੈ। ਪੰਜਾਬੀ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਨੇ ਫੈਸਲਾ ਵਾਪਸ ਕਰਾਉਣ ਲਈ ਸੰਘਰਸ਼ ਛੇੜਨ ਦਾ ਐਲਾਨ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੀ ਫੈਸਲੇ ਨੂੰ ਬੁਰੀ ਤਰ੍ਹਾਂ ਭੰਡਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਰੋਧ ਕਰਦਿਆਂ ਮੁੜ ਤੋਂ ਵਿਚਾਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁੱਝ ਦਿਨ ਪਹਿਲਾਂ ਹੀ ਪੰਜਾਬੀ ਯੂਨੀਵਰਸਿਟੀ ਦਾ ਗੇੜਾ ਲਾ ਕੇ ਆਰਥਿਕ ਪੱਖੋਂ ਸੁਰਖੁਰੂ ਕਰਨ ਦਾ ਭਰੋਸਾ ਦੇ ਕੇ ਆਏ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਸਾਲਾਂ ਤੋਂ ਵਿਵਾਦਾਂ ਵਿੱਚ ਘਿਰੀ ਆ ਰਹੀ ਹੈ। ਪ੍ਰਸ਼ਾਸਨ ਅਤੇ ਵਿਦਿਆਰਥੀਆਂ ਵਿੱਚ ਚੱਲ ਰਹੇ ਤਕਰਾਰ ਦੌਰਾਨ ਪ੍ਰਦਰਸ਼ਨਕਾਰੀਆਂ ਦਾ ਖੂਨ ਵੀ ਡੁੱਲਿਆ ਅਤੇ ਵਾਈਸ ਚਾਂਸਲਰ ਬੀ.ਐੱਸ ਘੁੰਮਣ ਨੇ ਪਾਣੀ ਸਿਰ ਤੋਂ ਦੀ ਲੰਘ ਜਾਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ।

ਯੂਨੀਵਰਸਿਟੀ ਨੇ ਇਹ ਫ਼ੈਸਲਾ ਉਹਨਾਂ ਨਾਜ਼ੁਕ ਦਿਨਾਂ ਦੌਰਾਨ ਲਿਆ ਹੈ ਜਦੋਂ ਪੰਜਾਬੀ ਹਿਤੈਸ਼ੀਆਂ ਵੱਲੋਂ ਚੰਡੀਗੜ੍ਹ ਵਿੱਚ ਪੰਜਾਬੀ ਨੂੰ ਬਣਦਾ ਥਾਂ ਦਿਵਾਉਣ ਲਈ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੰਜਾਬੀ ਨੂੰ ਪਟਰਾਣੀ ਬਣਾਉਣ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਿੰਡੀਕੇਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਸਿੰਡੀਕੇਟ ਵਿੱਚ ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਵੱਲੋਂ ਨਿਯੁਕਤ ਕਈ ਅਖੌਤੀ ਪੰਜਾਬੀ ਪ੍ਰੇਮੀ ਮੀਟਿੰਗ ਵਿੱਚ ਬੁੱਲ੍ਹਾਂ ਨੂੰ ਜਿੰਦਰਾ ਮਾਰੀ ਬੈਠੇ ਰਹੇ।

ਪੂਟਾ ਦੇ ਪ੍ਰਧਾਨ ਡਾ.ਭੁਪਿੰਦਰ ਸਿੰਘ ਅਤੇ ਮੀਤ ਪ੍ਰਧਾਨ ਗੁਰਨਾਮ ਸਿੰਘ ਸਮੇਤ ਪੰਜਾਬ ਇਤਿਹਾਸ ਵਿਭਾਗ ਦੇ ਮੁਖੀ ਰਹੇ ਡਾ.ਇੰਦਰੀਸ ਮੁਹੰਮਦ ਨੇ ਯੂਨੀਵਰਸਿਟੀ ਦੇ ਤਾਨਾਸ਼ਾਹੀ ਰਵੱਈਏ ਖਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੱਦਾ ਦੇ ਦਿੱਤਾ ਹੈ। ਦੂਜੇ ਪਾਸੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.ਅਰਵਿੰਦ ਨੇ ਦਾਅਵਾ ਕੀਤਾ ਹੈ ਕਿ ਦੋਹਾਂ ਵਿਭਾਗਾਂ ਦੇ ਰਲੇਵੇਂ ਨਾਲ ਖੋਜ ਕਾਰਜਾਂ ਲਈ ਲੋੜੀਂਦੇ ਫੰਡ ਮਿਲਣ ਲਈ ਰਾਹ ਪੱਧਰਾ ਹੋ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ 1985 ਵਿੱਚ ਵੀ ਇੱਕ ਵਿਭਾਗ ਹੀ ਹੋਇਆ ਕਰਦਾ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬੀ ਯੂਨੀਵਰਸਿਟੀ ਦੇ ਫੈਸਲੇ ਉੱਤੇ ਸਖ਼ਤ ਇਤਰਾਜ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਦਾ ਇਹ ਫੈਸਲਾ ਤਰਕਸੰਗਤ ਨਹੀਂ ਹੈ। ਇਸ ਨਾਲ ਖੋਜ ਦੀਆਂ ਸੰਭਾਵਨਾ ਸੀਮਤ ਹੋ ਜਾਣਗੀਆਂ। ਉਨ੍ਹਾਂ ਨੇ ਦੁੱਖ ਪ੍ਰਗਟ ਕੀਤਾ ਕਿ ਸਿੱਖ ਇਤਿਹਾਸਕਾਰ ਗੰਡਾ ਸਿੰਘ ਦੀ ਅਗਵਾਈ ਵਿੱਚ ਚੱਲਦੇ ਰਹੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੀ ਹੋਂਦ ਖਤਮ ਹੋਣ ਕਰਕੇ ਹੋਰ ਵਿਭਾਗ ਵਿੱਚ ਰਲਾਉਣਾ ਸਿੱਖ ਵਿਰਾਸਤ ਨੂੰ ਤਬਾਹ ਕਰਨ ਦੇ ਬਰਾਬਰ ਹੈ। ਉਨ੍ਹਾਂ ਨੇ ਇਤਿਹਾਸ ਦੀ ਸੰਭਾਲ ਦੇ ਨਾਲ ਨਾਲ ਇਤਿਹਾਸਕ ਵਿਭਾਗਾਂ ਦੀ ਹੋਂਦ ਬਣਾਈ ਰੱਖਣ ਦੀ ਵਕਾਲਤ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੇ ਫੈਸਲੇ ਨਾਲ ਖੋਜ ਦਾ ਕੰਮ ਖ਼ਤਮ ਹੋਣ ਦਾ ਖਤਰਾ ਖੜਾ ਹੋ ਗਿਆ ਹੈ। ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਬਚਾਉਣ ਲਈ ਸੰਜੀਦਾ ਨਹੀਂ ਹੈ। ਦਲ ਦੇ ਇੱਕ ਹੋਰ ਨੇਤਾ ਹਰਚਰਨ ਸਿੰਘ ਬੈਂਸ ਨੇ ਪੰਜਾਬ ਦੇ ਹੱਕਾਂ ਉੱਤੇ ਪੈ ਰਹੇ ਡਾਕੇ ਬਾਰੇ ਕੇਜਰੀਵਾਲ ਉੱਤੇ ਵਰ੍ਹਦਿਆਂ ਕਿਹਾ ਕਿ ਉਸਨੂੰ ਦੋਗਲੀ ਨੀਤੀ ਛੱਡ ਕੇ ਪਾਣੀਆਂ ਨੂੰ ਬਚਾਉਣ ਸਮੇਤ ਹੋਰ ਮਾਮਲਿਆਂ ਲਈ ਸੂਬੇ ਨਾਲ ਖੜਨਾ ਚਾਹੀਦਾ ਹੈ।

Exit mobile version