ਬਿਊਰੋ ਰਿਪੋਰਟ (ਪਟਿਆਲਾ, 29 ਅਗਸਤ 2025): ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਵੱਲੋਂ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮਹਾਨਕੋਸ਼ ਦੀਆਂ 15 ਹਜ਼ਾਰ ਤੋਂ ਵੱਧ ਕਾਪੀਆਂ ਸਬੰਧੀ ਵਰਤੇ ਤਰੀਕੇ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਰੀਕਾ ਸਿੱਖ ਪੰਥ ਦੀਆਂ ਰਿਵਾਇਤਾਂ ਅਤੇ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲਾ ਹੈ।
ਜਾਰੀ ਬਿਆਨ ਵਿੱਚ ਬੀਬੀ ਸਤਵੰਤ ਕੌਰ ਨੇ ਕਿਹਾ ਕਿ, ਮਹਾਨਕੋਸ਼ ਸਿਰਫ਼ ਇਕ ਕੋਸ਼ ਜਾਂ ਪੁਸਤਕ ਨਹੀਂ, ਸਗੋਂ ਭਾਈ ਕਾਹਨ ਸਿੰਘ ਨਾਭਾ ਜੀ ਦੀ ਮਹਾਨ ਰਚਨਾ ਹੈ ਜੋ ਸਿੱਖ ਇਤਿਹਾਸ, ਗੁਰਬਾਣੀ, ਸਿੱਖ ਸ਼ਬਦਾਵਲੀ ਅਤੇ ਪੰਥਕ ਧਰੋਹਰ ਦਾ ਜੀਵੰਤ ਦਰਪਣ ਹੈ। ਇਸ ਦਾ ਪ੍ਰਕਾਸ਼ਨ ਤੇ ਵੰਡ ਸਿੱਖ ਰਿਵਾਇਤਾਂ ਅਤੇ ਮਰਿਆਦਾ ਦੇ ਅਨੁਸਾਰ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਗਲਤ ਛਪਾਈ ਹੋ ਗਈ ਸੀ ਇਹਨਾਂ ਨੂੰ ਜਾਂ ਤਾਂ ਗੋਇੰਦਵਾਲ ਸਾਹਿਬ ਭੇਜਣਾ ਚਾਹੀਦਾ ਸੀ ਜਾਂ ਪੰਥ ਰਵਾਇਤ ਅਪਨਾਉਣੀ ਚਾਹੀਦੀ ਸੀ।
ਬੀਬੀ ਸਤਵੰਤ ਕੌਰ ਨੇ ਯਾਦ ਦਿਵਾਇਆ ਕਿ ਸਿੱਖ ਪੰਥ ਦੀ ਪਰੰਪਰਾ ਵਿੱਚ ਜਿਹੜੀਆਂ ਵੀ ਕੌਮੀ ਧਰੋਹਰਾਂ ਨਾਲ ਜੁੜੀਆਂ ਰਚਨਾਵਾਂ ਜਾਂ ਅਦਾਰਿਆਂ ਦੇ ਕੰਮ ਹੁੰਦੇ ਹਨ, ਉਨ੍ਹਾਂ ਵਿੱਚ ਪੰਥਕ ਸਹਿਮਤੀ ਦੀ ਭਾਵਨਾ ਅਤੇ ਸਿੱਖ ਇਤਿਹਾਸਕ ਅਦਾਰਿਆਂ ਨਾਲ ਸਲਾਹ-ਮਸ਼ਵਰਾ ਲਾਜ਼ਮੀ ਮੰਨਿਆ ਜਾਂਦਾ ਹੈ। ਜੇਕਰ ਕਿਸੇ ਵੀ ਤਰੀਕੇ ਨਾਲ ਇਹ ਪ੍ਰਕਿਰਿਆ ਨਜ਼ਰਅੰਦਾਜ਼ ਹੁੰਦੀ ਹੈ, ਤਾਂ ਇਹ ਸਿੱਖ ਮਰਿਆਦਾ ਦੀ ਉਲੰਘਣਾ ਮੰਨੀ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਧਰੋਹਰ ਦੀਆਂ ਹਜ਼ਾਰਾਂ ਕਾਪੀਆਂ ਦਾ ਗਲਤੀਆਂ ਸਹਿਤ ਛਪਣਾ, ਸਿੱਖ ਜਥੇਬੰਦੀਆਂ ਅਤੇ ਗੁਰਮਤਿ ਸਿਧਾਤਾਂ ਨੂੰ ਅਣਡਿੱਠਾ ਕਰਨ ਦੇ ਬਰਾਬਰ ਹੈ। ਬੀਬੀ ਸਤਵੰਤ ਕੌਰ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕੀਤੀ ਕਿ –
1. ਇਸ ਸਾਰੇ ਮਾਮਲੇ ਵਿੱਚ ਯੂਨਿਵਰਸਿਟੀ ਪ੍ਰਸ਼ਾਸਨ ਆਪਣਾ ਲਿਖਤੀ ਸਪਸ਼ਟੀਕਰਨ ਦਾਇਰ ਕਰੇ।
2. ਅਗਲੇ ਸਮੇਂ ਵਿੱਚ ਮਹਾਨਕੋਸ਼ ਜਾਂ ਹੋਰ ਪੰਥਕ ਧਰੋਹਰ ਨਾਲ ਜੁੜੇ ਪ੍ਰਕਾਸ਼ਨ ਜਾਂ ਅੱਜ ਵਰਗੀ ਕਾਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਮੁੱਖ ਸਿੱਖ ਵਿਦਵਾਨਾਂ ਨਾਲ ਸਲਾਹ-ਮਸ਼ਵਰਾ ਕਰਕੇ ਹੀ ਕੀਤੇ ਜਾਣ।
3. ਜਿਹੜਾ ਤਰੀਕਾ ਹੁਣ ਧਰਤੀ ਵਿੱਚ ਦੱਬਣ ਵਾਲਾ ਤੇ ਫਾੜ-ਫਾੜ ਕੇ ਸੁੱਟਣ ਵਾਲਾ ਵਰਤਿਆ ਗਿਆ ਹੈ, ਉਸ ਦੀ ਬਜਾਏ ਪੰਥਕ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਨੇ ਸਿੱਖ ਸੰਗਤ ਨੂੰ ਇਸ ਮਾਮਲੇ ਤੇ ਸ਼ਾਂਤੀ ਬਣਾਏ ਰੱਖਣ ਅਤੇ ਭੜਕਾਹਟ ਤੋ ਬਚਣ ਦੀ ਅਪੀਲ ਕੀਤੀ ਅਤੇ ਯੂਨਿਵਰਸਿਟੀ ਕੈਂਪਸ ਅੰਦਰ ਇਸ ਮਾਮਲੇ ’ਤੇ ਕਿਸੇ ਵੀ ਤਰਾਂ ਦੀ ਤਿੱਖੀ ਬਿਆਨਬਾਜੀ ਅਤੇ ਸ਼ਬਦਵਾਲੀ ਵਰਤਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ।