ਅਮਰੀਕਾ ਵਿਚ ਹੁਸ਼ਿਆਰਪੁਰ ਦੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਪਿੰਦਰ ਸਿੰਘ ਵਜੋਂ ਹੋਈ ਹੈ ਅਤੇ ਉਹ ਦਸੂਹਾ ਦੇ ਪਿੰਡ ਬੈਬੋਵਾਲ ਚੰਨੀਆਂ ਦਾ ਰਹਿਣ ਵਾਲਾ ਸੀ। ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ‘ਚ ਸੰਨਾਟਾ ਛਾ ਗਿਆ ਹੈ ਅਤੇ ਪੁੱਤਰ ਦੀ ਮੌਤ ‘ਤੇ ਪੂਰਾ ਪਰਿਵਾਰ ਰੋ ਰਿਹਾ ਹੈ। ਪੁਲਿਸ ਰਿਪੋਰਟ ਮੁਤਾਬਕ ਬੁੱਧਵਾਰ ਦੀ ਰਾਤ ਨੂੰ ਇੱਕ ਭਾਰਤੀ ਟਰੱਕ ਡਰਾਈਵਰ ਫਰੀਵੇਅ 80 ਦੇ ਇਗਜ਼ਟ ਨੰਬਰ 70 ਤੇ ਯੂਟਾ ਸਟੇਟ ਵਿੱਚ ਐਨ ਰੈਪ ਤੇ ਸ਼ੌ ਰਿਹਾ ਸੀ ਜਦੋ ਕਿਸੇ ਨੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ।
3 ਸਾਲ ਪਹਿਲਾਂ ਅਮਰੀਕਾ ਗਿਆ ਸੀ
ਪਿੰਦਰ ਸਿੰਘ ਲਗਭਗ ਪਿਛਲੇ 18 ਸਾਲ ਤੋਂ ਇਟਲੀ ਵਿਖੇ ਕੰਮ ਕਰ ਰਿਹਾ ਸੀ ਅਤੇ ਲਗਭਗ 3 ਸਾਲ ਪਹਿਲੇ ਅਮਰੀਕਾ ਵਿਖੇ ਚਲਾ ਗਿਆ ਸੀ। ਅਮਰੀਕਾ ਵਿੱਚ, ਉਹ ਟਰੂਲੀ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ।
ਸੜਕ ‘ਤੇ ਦੋਸਤ ਦੀ ਉਡੀਕ ਕਰ ਰਿਹਾ ਸੀ
ਪਿੰਦਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਬੀਤੇ ਦਿਨ ਵੀ ਟਰੱਕ ਲੈ ਕੇ ਗਿਆ ਸੀ। ਉਹ ਰਸਤੇ ਵਿੱਚ ਟਰੱਕ ਲੈ ਕੇ ਕਿਸੇ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਕੁਝ ਅਣਪਛਾਤੇ ਹਮਲਾਵਰ ਆਏ ਅਤੇ ਪਿੱਛਿਓਂ ਪਿੰਦਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਅਮਰੀਕੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਉਸ ਦੀ ਗਰਦਨ ‘ਤੇ ਡੂੰਘੇ ਜ਼ਖ਼ਮ ਹਨ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕਤਲ ਲੁੱਟ-ਖੋਹ ਕਾਰਨ ਹੋਇਆ ਹੋ ਸਕਦਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਤਲ ਦੀ ਸੂਚਨਾ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਅਤੇ ਅਮਰੀਕਾ ਵੱਸਦੇ ਪੰਜਾਬੀ ਭਾਈਚਾਰੇ ਅੰਦਰ ਸੋਗ ਦੀ ਲਹਿਰ ਦੌੜ ਗਈ।