ਚੰਡੀਗੜ੍ਹ : ਕੈਨੇਡੀਅਨ ਗਾਇਕ ਸ਼ੁਭ ਦੇ ਹੱਕ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੈਡਿੰਗ ਅਤੇ ਪੰਜਾਬ ਇੰਡਸਟਰੀ ਸਮਰਥਨ ਵਿੱਚ ਆ ਗਈ ਹੈ। ਕੈਨੇਡੀਅਨ ਗਾਇਕ ਸ਼ੁਭ ਦੇ ਹੱਕ ਵਿੱਚ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਵੀ ਪਾਈ ਗਈ ਹੈ। ਗੈਰੀ ਸੰਧੂ ਤੇ ਕਰਨ ਔਜਲਾ ਵੀ ਹੱਕ ਵਿੱਚ ਨਿੱਤਰ ਆਏ ਹਨ।
ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਗਈ ਸਟੋਰੀ ‘ਚ ਪਿਛਲੇ ਦਿਨੀਂ ਭਾਰਤ ‘ਚ ਪੈਦਾ ਹੋਏ ਹਾਲਾਤਾਂ ਦਾ ਜ਼ਿਕਰ ਕੀਤਾ ਗਿਆ ਹੈ। ਪੋਸਟ ਵਿੱਚ ਲਿਖਿਆ ਹੈ- ਹਾਲ ਹੀ ਦੇ ਹਫ਼ਤਿਆਂ ਵਿੱਚ, ਅਸੀਂ ਆਪਣੇ ਸਿੱਖ ਭਾਈਚਾਰੇ ਵਿੱਚ ਤਣਾਅ ਦੀ ਵਧਦੀ ਭਾਵਨਾ ਦੇਖੀ ਹੈ। ਦੇਸ਼ ਭਗਤੀ ਦਾ ਸਬੂਤ ਦੇਣ ਲਈ ਪੰਜਾਬੀਆਂ ‘ਤੇ ਵਾਰ-ਵਾਰ ਕੀਤੀ ਜਾ ਰਹੀ ਮੰਗ ਨੂੰ ਦੇਖ ਕੇ ਸੱਚਮੁੱਚ ਨਿਰਾਸ਼ਾ ਹੁੰਦੀ ਹੈ। ਭਾਰਤ ਵਿੱਚ ਘੱਟ ਗਿਣਤੀ ਹੋਣਾ ਬਿਨਾਂ ਸ਼ੱਕ ਇੱਕ ਚੁਣੌਤੀਪੂਰਨ ਅਨੁਭਵ ਹੈ। ਸਾਡੇ ਭਾਈਚਾਰੇ ਪ੍ਰਤੀ ਦੁਸ਼ਮਣੀ ਸਿਆਸੀ ਤੌਰ ‘ਤੇ ਪ੍ਰੇਰਿਤ ਪ੍ਰਤੀਤ ਹੁੰਦੀ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਕਿੰਨੀਆਂ ਮਸ਼ਹੂਰ ਹਸਤੀਆਂ ਇਸ ਵੰਡਣ ਵਾਲੇ ਬਿਰਤਾਂਤ ਵਿੱਚ ਫਸ ਜਾਂਦੀਆਂ ਹਨ।
ਪੋਸਟ ਵਿੱਟ ਲ਼ਿਖਿਆ ਗਿਆ ਹੈ ਕਿ ਸਿੱਧੂ ਨੇ ਲਗਾਤਾਰ ਆਪਣੇ ਲੋਕਾਂ ਦੀ ਵਕਾਲਤ ਕੀਤੀ, ਪਰ ਬਿਨਾਂ ਕਿਸੇ ਠੋਸ ਸਬੂਤ ਦੇ ਉਸ ਨੂੰ ਅੱਤਵਾਦੀ ਕਰਾਰ ਦਿੱਤਾ ਗਿਆ। ਅਫ਼ਸੋਸ ਦੀ ਗੱਲ ਹੈ ਕਿ ਸ਼ੁਭ ਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ।
ਵੜਿੰਗ ਨੇ ਕਿਹਾ ਕਿ ਉਹ ਪੰਜਾਬੀ ਗਾਇਕ ਸ਼ੁਭ ਨੂੰ ਦੇਸ਼ ਵਿਰੋਧੀ ਕਰਾਰ ਦੇਣ ਵਾਲੀ ਗੱਲ ਦਾ ਸਖ਼ਤ ਵਿਰੋਧ ਕਰਦੇ ਹਨ। ਇੱਕ ਟਵੀਟ ਕਰਦਿਆਂ ਵੜਿੰਗ ਨੇ ਕਿਹਾ ਕਿ ਪੰਜਾਬ ਕਾਂਗਰਸ ਹਮੇਸ਼ਾ ਖਾਲਿਸਤਾਨ ਦੇ ਵਿਚਾਰ ਦਾ ਸਖ਼ਤ ਵਿਰੋਧ ਕਰਦੀ ਹੈ । ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਰਾਸ਼ਟਰ ਵਿਰੋਧੀ ਤਾਕਤਾਂ ਵਿਰੁੱਧ ਲੜਾਈਆਂ ਲੜੀਆਂ ਹਨ,। ਵੜਿੰਗ ਨੇ ਕਿਹਾ ਕਿ ਮੈਂ ਸ਼ੁਭ ਵਰਗੇ ਸਾਡੇ ਨੌਜਵਾਨਾਂ ਨੂੰ ਦੇਸ਼-ਵਿਰੋਧੀ ਕਰਾਰ ਦੇਣ ਦਾ ਸਖ਼ਤ ਵਿਰੋਧ ਕਰਦਾ ਹਾਂ। ਅਸੀਂ ਪੰਜਾਬੀਆਂ ਨੂੰ ਆਪਣੇ ਰਾਸ਼ਟਰਵਾਦ ਬਾਰੇ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ।
ਵੜਿੰਗ ਨੇ ਕਿਹਾ ਕਿ ਕੁਝ ਤਾਕਤਾਂ ਵੱਲੋਂ ਸਾਨੂੰ ਕਮਜ਼ੋਰ ਕਰਨ ਲਈ ਪੰਜਾਬੀਆਂ ਵਿਰੁੱਧ ਕੀਤਾ ਜਾ ਰਿਹਾ ਇਹ ਪ੍ਰਚਾਰ ਅਤਿ ਨਿੰਦਣਯੋਗ ਹੈ। ਸਾਡੇ ਨੌਜਵਾਨਾਂ ਨੂੰ ਖਰਾਬ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਨੂੰ ਨਕਾਰਿਆ ਜਾਣਾ ਚਾਹੀਦਾ ਹੈ।ਜੈ ਹਿੰਦ! ਜੈ ਪੰਜਾਬ!
While we at @INCPunjab strongly oppose the idea of Khalistan & have actively fought our battles against anti national forces, I strongly oppose labelling of our youngsters like @Shubhworldwide, who speak for Punjab as anti nationals. We Punjabis don’t need to give any proofs…
— Amarinder Singh Raja Warring (@RajaBrar_INC) September 22, 2023
ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸ਼ੁਭ ਦੀ ਪੋਸਟ ਨੂੰ ਸਟੋਰੀ ਦੇ ਤੌਰ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਗੈਰੀ ਸੰਧੂ ਨੇ ਸ਼ੁਭ ਦੇ ਸਮਰਥਨ ਵਿੱਚ ਇੱਕ ਸਟੋਰੀ ਪੋਸਟ ਕੀਤੀ ਹੈ।
ਗਾਇਕ ਸ਼ੁਭ ਵਿਵਾਦ ‘ਤੇ ਏਪੀ ਢਿੱਲੋਂ ਨੇ ਵੀ ਆਪਣੀ ਪ੍ਰਤੀਕਿਿਰਿਆ ਦਿੱਤੀ ਹੈ। ਉਸ ਨੇ ਇੰਸਟਾਗ੍ਰਾਮ ਸਟੋਰੀ ‘ਚ ਇੱਕ ਲੰਬਾ ਚੌੜਾ ਮੈਸੇਜ ਲਿਿਖਿਆ ਹੈ, ਜਿਸ ਵਿੱਚ ਉਸ ਨੇ ਕਿਤੇ ਵੀ ਸ਼ੁਭ ਦਾ ਨਾਮ ਨਹੀਂ ਲਿਆ, ਪਰ ਕੇਂਦਰ ਸਰਕਾਰ ‘ਤੇ ਤਿੱਖੇ ਤੰਜ ਕੱਸੇ ਹਨ।
ਏਪੀ ਢਿੱਲੋਂ ਨੇ ਆਪਣੀ ਪੋਸਟ ‘ਚ ਕਿਹਾ, ‘ਮੈਂ ਸੋਸ਼ਲ ਮੀਡੀਆ ਦੇ ਡਰਾਮੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹਾਂ। ਕਿਉਂਕਿ ਤੁਹਾਡੇ ਮੂੰਹ ‘ਚੋਂ ਨਿਕਲੀ ਇੱਕ ਵੀ ਗੱਲ ਨੂੰ ਕਿਹੜੇ ਵਿਹਲੇ ਕਿਸ ਤਰ੍ਹਾਂ ਤੋੜ ਮਰੋੜ ਕੇ ਪੇਸ਼ ਕੀਤਾ ਜਾਵੇਗਾ ਇਹ ਕਿਸੇ ਨੂੰ ਨਹੀਂ ਪਤਾ। ਇੱਥੇ ਹਰ ਕੋਈ ਤੁਹਾਡੇ ਵਿਚਾਰਾਂ ਨੂੰ ਆਪੋ ਆਪਣੇ ਨਜ਼ਰੀਏ ਨਾਲ ਦੇਖੇਗਾ ਤੇ ਫਿਰ ਤੁਹਾਨੂੰ ਜੱਜ ਕਰੇਗਾ। ਕਲਾਕਾਰ ਹੋਣ ਦੇ ਨਾਅਤੇ ਹੁਣ ਆਪਣੇ ਟੀਚੇ ਵੱਲ ਕੇਂਦਰਿਤ ਰਹਿਣਾ ਤੇ ਆਪਣੀ ਮਨਪਸੰਦ ਚੀਜ਼ ਕਰਨਾ ਬਹੁਤ ਔਖਾ ਹੋ ਗਿਆ ਹੈ। ਮੈਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣ ਦੀ ਕੋਸ਼ਿਸ਼ ਕਰਦਾ ਹਾਂ ਕਿ ਜੋ ਮੈਂ ਕਰ ਰਿਹਾ ਹਾਂ, ਜਾਂ ਕਹਿ ਰਿਹਾ ਹਾਂ, ਉਹ ਕਿਤੇ ਕਿਸੇ ਨੂੰ ਸੱਟ ਨਾ ਪਹੁੰਚਾ ਦੇਵੇ, ਪਰ ਬਾਵਜੂਦ ਇਸ ਦੇ ਡਰ ਲੱਗਦਾ ਰਹਿੰਦਾ ਹੈ ਕਿ ਕਿਤੇ ਸਾਡੀ ਵਜ੍ਹਾ ਕਰਕੇ ਵਿਵਾਦ ਨਾ ਭੜਕ ਉੱਠੇ।’
ਏਪੀ ਢਿੱਲੋਂ ਨੇ ਅੱਗੇ ਲਿਿਖਿਆ, ‘ਖਾਸ ਕਰਕੇ ਸਿਆਸੀ ਤਾਕਤਾਂਪਬਲਿਕ ‘ਚ ਆਪਣੇ ਅਕਸ ਨੂੰ ਮਜ਼ਬੂਤ ਬਣਾਉਣ ਲਈ ਸਾਨੂੰ ਮੋਹਰਾ ਬਣਾ ਕੇ ਇਸਤੇਮਾਲ ਕਰਦੀਆਂ ਹਨ। ਅਸੀਂ ਕਲਾਕਾਰ ਤਾਂ ਸਿਰਫ ਆਪਣਾ ਕੰਮ ਕਰ ਰਹੇ ਹਾਂ, ਸਾਡੇ ਲਈ ਧਰਮ, ਜਾਤ ਰੰਗ ਰੂਪ ਇਹ ਚੀਜ਼ਾਂ ਕੋਈ ਮਾਇਨੇ ਨਹੀਂ ਰੱਖਦੀਆਂ।’ ਢਿੱਲੋਂ ਨੇ ਕਿਹਾ, ‘ਪਿਆਰ ਫੈਲਾਓ, ਨਫਰਤ ਨਹੀਂ। ਚੱਲੋ ਦੁਬਾਰਾ ਫਿਰ ਤੋਂ ਇਸ ਬਾਰੇ ਸੋਚੀਏ ਤੇ ਸਿਰਫ ਪਿਆਰ ਵੰਡਣ ਦੀ ਗੱਲ ਕਰੀਏ। ਅਸੀਂ ਸਭ ਇੱਕ ਹਾਂ।’
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ ਦਲਜੀਤ ਸਿੰਘ ਚੀਮਾ ਵੀ ਕੈਨੇਡੀਅਨ ਗਾਇਕ ਸ਼ੁਭ ਦੇ ਹੱਕ ਵਿੱਚ ਆ ਗਏ ਹਨ। ਚੀਮਾ ਨੇ ਟਵੀਟ ਕਰਦਿਆਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਉਸਨੇ ਸਭ ਕੁਝ ਚੰਗੀ ਤਰ੍ਹਾਂ ਸਪੱਸ਼ਟ ਕਰ ਦਿੱਤਾ ਹੈ ਅਤੇ ਮਾਮਲਾ ਹੁਣ ਬੰਦ ਹੋ ਜਾਣਾ ਚਾਹੀਦਾ ਹੈ।
I hope he has nicely clarified everything & matter should be closed now. https://t.co/RbYebVYjjY
— Dr Daljit S Cheema (@drcheemasad) September 22, 2023
ਹੁਣ ਜਾਣੋ ਕੀ ਸੀ ਸਾਰਾ ਵਿਵਾਦ
ਸ਼ੁਬਨੀਤ ਉਰਫ਼ ਸ਼ੁਭ ਉਦੋਂ ਵਿਵਾਦਾਂ ਵਿੱਚ ਆ ਗਿਆ ਜਦੋਂ ਉਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਨਕਸ਼ਾ ਪੋਸਟ ਕੀਤਾ। ਉਸ ਨੇ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਭਾਰਤ ਦੇ ਨਕਸ਼ੇ ਤੋਂ ਹਟਾ ਦਿੱਤਾ ਸੀ। ਇਸ ਤੋਂ ਬਾਅਦ ਉਸ ਦਾ ਨਾਂ ਖ਼ਾਲਿਸਤਾਨੀਆਂ ਨਾਲ ਜੋੜਿਆ ਜਾਣ ਲੱਗਾ।
ਸ਼ੁਬਨੀਤ ਦੇ ਭਾਰਤੀਆਂ ਨੇ ਪੋਸਟਰ ਵੀ ਪਾੜ ਦਿੱਤੇ ਸਨ ਅਤੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਸ਼ੁਬਨੀਤ ਉਰਫ਼ ਸ਼ੁਭ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਅਨਫਾਲੋ ਕਰ ਦਿੱਤਾ ਸੀ।
ਇਸ ਮਾਮਲੇ ਤੋਂ ਬਾਅਦ ਵੋਟ-ਸਪੀਕਰ ਕੰਪਨੀ ਮੁੰਬਈ ਨੇ ਸਪਾਂਸਰਸ਼ਿਪ ਵਾਪਸ ਲੈ ਲਈ ਸੀ ਅਤੇ 23 ਸਤੰਬਰ ਤੋਂ 25 ਸਤੰਬਰ ਤੱਕ ਸ਼ੋਅ ਨੂੰ ਰੱਦ ਕਰ ਦਿੱਤਾ ਗਿਆ ਸੀ। ਗਾਇਕ ਸ਼ੁਭ ਦਾ ਟੂਰ ਸਿਰਫ਼ ਮੁੰਬਈ ਹੀ ਨਹੀਂ ਬਲਕਿ ਪੂਰੇ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਜਿਸ ‘ਚ ਦਿੱਲੀ, ਹੈਦਰਾਬਾਦ, ਬੈਂਗਲੁਰੂ ਸਮੇਤ ਵੱਖ-ਵੱਖ 12 ਸ਼ਹਿਰਾਂ ‘ਚ ਸ਼ੋਅ ਕੀਤੇ ਜਾਣੇ ਸਨ। ਬੁੱਕ ਮਾਈ ਸ਼ੋਅ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਤੇ ਇਕ ਪੋਸਟ ‘ਚ ਇਹ ਜਾਣਕਾਰੀ ਦਿੱਤੀ ਹੈ।
ਕੰਪਨੀ ਨੇ ਕਿਹਾ ਕਿ ਗਾਹਕਾਂ ਨੂੰ 7-10 ਦਿਨਾਂ ਦੇ ਅੰਦਰ ਟਿਕਟਾਂ ਦਾ ਪੂਰਾ ਰਿਫੰਡ ਮਿਲ ਜਾਵੇਗਾ। ਇਹ ਸ਼ੋਅ ਕੋਰਡੇਲੀਆ ਕਰੂਜ਼ ‘ਤੇ ਆਯੋਜਿਤ ਕੀਤਾ ਜਾਣਾ ਸੀ। ਸ਼ੁਭ ਨੇ 23 ਤੋਂ 25 ਸਤੰਬਰ ਤੱਕ ਮੁੰਬਈ ‘ਚ ਆਪਣਾ ਸ਼ੋਅ ਕਰਨਾ ਸੀ।