‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਪੜ੍ਹ ਕੇ ਆਈਏਐੱਸ ਹੀ ਨਹੀਂ, ਡਾਕਟਰ ਵੀ ਬਣ ਸਕੋਗੇ। ਕੇਂਦਰ ਸਰਕਾਰ ਨੇ ਨੀਟ ਦੀ ਪ੍ਰੀਖਿਆ ਪੰਜਾਬੀ ਸਮੇਤ 13 ਭਾਸ਼ਾਵਾਂ ਵਿੱਚ ਦੇਣ ਦੀ ਆਗਿਆ ਦਿੱਤੀ ਹੈ। ਜਿਨ੍ਹਾਂ ਹੋਰ ਭਾਸ਼ਾਵਾਂ ਵਿੱਚ ਡਾਕਟਰੀ ਦੀ ਪ੍ਰੀਖਿਆ ‘ਨੀਟ’ ਇਸ ਵਾਰ ਤੋਂ ਦਿੱਤੀ ਜਾ ਸਕੇਗੀ, ਉਨ੍ਹਾਂ ਵਿੱਚ ਮਰਾਠੀ, ਅਸਮੀ, ਬੰਗਲਾ, ਗੁਜਰਾਤੀ, ਕੰਨੜ, ਮਲਿਆਲਮ, ਉੜੀਆ, ਤੇਲਗੂ ਅਤੇ ਉਰਦੂ ਸ਼ਾਮਿਲ ਹੈ। ਪਹਿਲੀ ਵਾਰ ਹੈ ਜਦੋਂ ਦੇਸ਼ ਤੋਂ ਬਾਹਰ ਕੁਵੈਤ ਵਿੱਚ ਵੀ ਪ੍ਰੀਖਿਆ ਕੇਂਦਰ ਬਣਾਇਆ ਗਿਆ। ਨੀਟ ਦੀ ਪ੍ਰੀਖਿਆ 12 ਸਤੰਬਰ ਨੂੰ ਹੋਵੇਗੀ ਅਤੇ ਇਸ ਵਿੱਚ 18 ਲੱਖ ਦੇ ਕਰੀਬ ਵਿਦਿਆਰਥੀ ਬੈਠਣਗੇ। ਪ੍ਰੀਖਿਆ ਫਾਰਮ ਛੇ ਅਗਸਤ ਤੱਕ ਭਰੇ ਜਾ ਸਕਦੇ ਹਨ ਜਦਕਿ ਫਾਰਮ ਵਿੱਚ ਕੋਈ ਵੀ ਸੁਧਾਰ ਦਾ ਸਮਾਂ 12 ਅਗਸਤ ਤੱਕ ਦਿੱਤਾ ਗਿਆ ਹੈ।
ਕੇਂਦਰ ਸਰਕਾਰ ਨੇ ਇੱਕ ਹੋਰ ਅਹਿਮ ਫੈਸਲਾ ਲੈਂਦਿਆਂ ਐੱਮਬੀਬੀਐੱਸ ਦੇ ਵਿਦਿਆਰਥੀਆਂ ਲਈ ਇੰਟਰਨਸ਼ਿਪ ਪ੍ਰਾਈਵੇਟ ਹਸਪਤਾਲਾਂ ਵਿੱਚ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਇੰਟਰਨਸ਼ਿਪ ਸਿਰਫ ਸਰਕਾਰੀ ਪਰ ਦਿਹਾਤੀ ਖੇਤਰ ਦੇ ਸਰਕਾਰੀ ਹਸਪਤਾਲਾਂ ਵਿਖੇ ਹੀ ਲਗਾਈ ਜਾਵੇਗੀ। ਇਸ ਵਾਰ ਪ੍ਰੀਖਿਆ ਦਾ ਪੈਟਰਨ ਬਦਲ ਦਿੱਤਾ ਗਿਆ ਹੈ। ਪਹਿਲੀ ਵਾਰ ਹੈ ਕਿ ਪੇਪਰ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਬਾਇਉ ਵਿੱਚ ਬਾਟਨੀ ਅਤੇ ਜਿਉਲੋਜੀ ਦੇ ਅਲੱਗ-ਅਲੱਗ ਪ੍ਰਸ਼ਨ ਪੁੱਛੇ ਜਾਣਗੇ। ਇਸ ਵਾਰ ਪ੍ਰਸ਼ਨਾਂ ਦੀ ਗਿਣਤੀ 200 ਹੋਵੇਗੀ। ਫਿਜ਼ਿਕਸ, ਕੈਮਿਸਟਰੀ, ਜਿਉਲੋਜੀ ਅਤੇ ਬਾਟਨੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਹਿੱਸੇ ਵਿੱਚ ਸਾਰੇ 35 ਪ੍ਰਸ਼ਨ ਹੱਲ ਕਰਨੇ ਜ਼ਰੂਰੀ ਹੋਣਗੇ। ਦੂਸਰੇ ਹਿੱਸੇ ਵਿੱਚ 15 ਪ੍ਰਸ਼ਨ ਹੋਣਗੇ, ਜਿਨ੍ਹਾਂ ਵਿੱਚੋਂ 10 ਲਾਜ਼ਮੀ ਕਰਾਰ ਦਿੱਤੇ ਗਏ ਹਨ। ਇਸੇ ਤਰ੍ਹਾਂ 200 ਵਿੱਚੋਂ 180 ਪ੍ਰਸ਼ਨ ਹੱਲ ਕਰਨੇ ਹੋਣਗੇ। ਇਸ ਵਾਰ ਵੀ ਵੱਧ ਤੋਂ ਵੱਧ ਅੰਕ 720 ਰੱਖੇ ਗਏ ਹਨ। ਹਰੇਕ ਪ੍ਰਸ਼ਨ ਦੇ ਚਾਰ ਅੰਕ ਹੋਣਗੇ। ਗਲਤ ਜਵਾਬ ਦੇਣ ‘ਤੇ ਇੱਕ ਨੰਬਰ ਕੱਟਿਆ ਜਾਵੇਗਾ।
ਪੰਜਾਬੀ ਨੂੰ ਬਣਦਾ ਹੱਕ ਦੇਣ ਲਈ ਪੰਜਾਬ ਸਮੇਤ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਮਾਂ-ਬੋਲੀ ਦੇ ਪ੍ਰੇਮੀਆਂ ਵੱਲੋਂ ਲੰਮੇਂ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਸਮੇਂ ਦੀਆਂ ਸਰਕਾਰਾਂ ਨੇ ਹਾਲੇ ਤੱਕ ਤਾਂ ਮਾਂ-ਬੋਲੀ ਨੂੰ ਬਣਦੀ ਥਾਂ ਨਹੀਂ ਦਿੱਤੀ ਪਰ ਇਸ ਵਾਰ ਕੇਂਦਰ ਬਾਜ਼ੀ ਮਾਰ ਗਿਆ ਹੈ। ਇਹ ਦੱਸਣਾ ਰੌਚਕ ਹੋਵੇਗਾ ਕਿ ਆਈਏਐੱਸ ਦੀ ਪ੍ਰੀਖਿਆ ਵੀ ਕੇਂਦਰ ਸਰਕਾਰ ਵੱਲੋਂ ਲਈ ਜਾਂਦੀ ਹੈ ਅਤੇ ਇਸ ਵਿੱਚ ਪੰਜਾਬੀ ਨੂੰ ਮਾਧਿਅਮ ਬਣਾਇਆ ਗਿਆ ਹੈ। ਪੰਜਾਬ ਦੇ ਕਈ ਅਫਸਰ ਆਈਏਐੱਸ ਦੀ ਪ੍ਰੀਖਿਆ ਪੰਜਾਬੀ ਵਿੱਚ ਦੇ ਕੇ ਸਫਲ ਹੋਏ ਹਨ।