‘ਦ ਖ਼ਾਲਸ ਬਿਊਰੋ : ਕੈਨੇਡਾ ਵਿੱਚ ਪ੍ਰਵਾਸੀਆਂ ਦੇ ਵਿਚਕਾਰ ਬੋਲੀਆਂ ਜਾਣ ਵਾਲੀਆਂ ਚਾਰ ਮੁੱਖ ਮਾਂ ਬੋਲੀਆਂ ਵਿੱਚ ਪੰਜਾਬੀ ਭਾਸ਼ਾ ਵੀ ਸ਼ਾਮਿਲ ਹੋ ਗਈ ਹੈ। ਕੈਨੇਡਾ ਸਰਕਾਰ ਨੇ ਸਾਲ 2021 ਦੀ ਜਨਗਣਨਾ ਦੇ ਆਧਾਰ ਉੱਤੇ ਕੀਤੇ ਗਏ ਇੱਕ ਸਰਵੇਖਣ ਵਿੱਚ ਇਹ ਅੰਕੜੇ ਜਾਰੀ ਕੀਤੇ ਗਏ ਹਨ। ਕੈਨੇਡਾ ਸਰਕਾਰ ਨੇ ਹਾਲ ਹੀ ਵਿੱਚ ਪ੍ਰਵਾਸੀ ਨਾਗਰਿਕਾਂ ਅਤੇ ਜਾਤੀ ਸੰਸਕ੍ਰਿਤੀ ਵਿਭਿੰਨਤਾ ਨੂੰ ਲੈ ਕੇ ਸਰਵੇਖਣ ਕੀਤਾ ਹੈ। ਇਸਦੇ ਮੁਤਾਬਕ ਕੈਨੇਡਾ ਵਿੱਚ 450 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।
ਕੈਨੇਡਾ ਦੇ 69.4 ਫ਼ੀਸਦੀ ਪ੍ਰਵਾਸੀ ਅੰਗਰੇਜ਼ੀ ਜਾਂ ਫਰੈਂਚ ਨਹੀਂ ਬੋਲਦੇ
ਸਰਵੇਖਣ ਦੇ ਨਤੀਜਿਆਂ ਮੁਤਾਬਕ ਕੈਨੇਡਾ ਵਿੱਚ 69.4 ਫ਼ੀਸਦੀ ਪ੍ਰਵਾਸੀ ਅੰਗਰੇਜ਼ੀ ਜਾਂ ਫਰੈਂਚ ਭਾਸ਼ਾ ਨਹੀਂ ਬੋਲਦੇ ਹਨ ਬਲਕਿ ਉਹ ਆਪਣੇ ਵਤਨ ਦੀ ਭਾਸ਼ਾ ਦਾ ਇਸਤੇਮਾਲ ਕਰਦੇ ਹਨ। ਇਨ੍ਹਾਂ ਚੋਂ 10.3 ਫ਼ੀਸਦੀ ਅਰਬੀ, 8.4 ਤਾਗਾਲੋਗ, 7.9 ਮੰਦਾਰਿਨ ਅਤੇ 6.5 ਫ਼ੀਸਦੀ ਪੰਜਾਬੀ ਭਾਸ਼ਾ ਬੋਲਦੇ ਹਨ।
ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹਰ ਚਾਰ ਨਵੇਂ ਪ੍ਰਵਾਸੀਆਂ ਵਿੱਚੋਂ ਇੱਕ ਨੇ ਆਪਣੀ ਪਹਿਲੀ ਭਾਸ਼ਾ ਦੇ ਰੂਪ ਵਿੱਚ ਅੰਗਰੇਜ਼ੀ ਬੋਲਣ ਦੀ ਗੱਲ ਕਹੀ ਹੈ। ਇਹ ਪ੍ਰਵਾਸੀ ਜ਼ਿਆਦਾਤਾਰ ਭਾਰਤ, ਫਿਲਪੀਨਜ਼ ਜਾਂ ਅਮਰੀਕਾ ਤੋਂ ਹਨ। ਕਈ ਪ੍ਰਵਾਸੀ ਕੈਨੇਡਾ ਵਿੱਚ ਫਰੈਂਚ ਭਾਸ਼ਾ ਦਾ ਹੀ ਇਸਤੇਮਾਲ ਕਰਦੇ ਹਨ ਜੋ ਕੁੱਲ ਪ੍ਰਵਾਸੀਆਂ ਦਾ 6.5 ਫ਼ੀਸਦੀ ਹੈ।
ਹਰ ਪੰਜ ਵਿੱਚੋਂ ਇੱਕ ਹੈ ਭਾਰਤੀ ਪ੍ਰਵਾਸੀ
ਕੈਨੇਡਾ ਗਏ 1.3 ਮਿਲੀਅਨ ਤੋਂ ਜ਼ਿਆਦਾ ਪ੍ਰਵਾਸੀਆਂ ਵਿੱਚੋਂ 92.7 ਫ਼ੀਸਦੀ ਨੇ ਅੰਗਰੇਜ਼ੀ ਜਾਂ ਫਰੈਂਚ ਵਿੱਚ ਗੱਲਬਾਤ ਕਰਨ ਵਿੱਚ ਸਮਰੱਥ ਹੋਣ ਦੀ ਸੂਚਨਾ ਦਿੱਤੀ ਹੈ। ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਕੈਨੇਡਾ ਵਿੱਚ ਹਰ ਪੰਜ ਵਿੱਚੋਂ ਇੱਕ ਪ੍ਰਵਾਸੀ ਭਾਰਤਤੋਂ ਹੈ ਜਿਨ੍ਹਾਂ ਵਿੱਚ ਪੰਜਾਬੀਆਂ ਦੀ ਬਹੁਤਾਤ ਹੈ।
ਕੈਨੇਡਾ ਵਿੱਚ ਦੱਖਣੀ ਏਸ਼ੀਆਈ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਸਰਵੇਖਣ ਰਿਪੋਰਟ ਮੁਤਾਬਕ ਮਲਿਆਲਮ ਬੋਲਣ ਵਾਲਿਆਂ ਵਿੱਚੋਂ 129, ਹਿੰਦੀ ਵਿੱਚ 66, ਪੰਜਾਬੀ ਵਿੱਚ 49 ਅਤੇ ਗੁਜਰਾਤੀ ਵਿੱਚ 43 ਫ਼ੀਸਦੀ ਦਾ ਇਜ਼ਾਫਾ ਦਰਜ ਕੀਤਾ ਗਿਆ ਹੈ।
ਪਿਛਲੇ ਸਾਲ ਕਰੋਨਾ ਮਹਾਂਮਾਰੀ ਦੌਰਾਨ ਵੀ ਕੈਨੇਡਾ ਵਿੱਚ ਪ੍ਰਵਾਸ ਕਰਨ ਵਾਲੇ ਭਾਰਤੀਆਂ ਦੀ ਉਤਸ਼ਾਹ ਬਰਕਰਾਰ ਰਿਹਾ ਸੀ। ਅੰਕੜਿਆਂ ਦੇ ਹਿਸਾਬ ਨਾਲ ਵੀ ਪੰਜਾਬੀ ਕੈਨੇਡਾ ਵਿੱਚ ਚੌਥੇ ਸਥਾਨ ਉੱਤੇ ਹਨ।