The Khalas Tv Blog India ਤੇਜ਼ ਗਰਮੀ ਤੋਂ ਪੰਜਾਬ ਨੂੰ ਇਸ ਦਿਨ ਤੋਂ ਮਿਲੇਗੀ ਵੱਡੀ ਰਾਹਤ ! 3 ਦਿਨ ਰਹੇਗਾ ਮੌਸਮ ਖੁੱਲ ਕੇ ਘੁੰਮਣ ਵਾਲਾ
India Punjab

ਤੇਜ਼ ਗਰਮੀ ਤੋਂ ਪੰਜਾਬ ਨੂੰ ਇਸ ਦਿਨ ਤੋਂ ਮਿਲੇਗੀ ਵੱਡੀ ਰਾਹਤ ! 3 ਦਿਨ ਰਹੇਗਾ ਮੌਸਮ ਖੁੱਲ ਕੇ ਘੁੰਮਣ ਵਾਲਾ

ਬਿਉਰੋ ਰਿਪੋਰਟ – ਪੰਜਾਬ ਦੇ ਲੋਕਾਂ ਨੂੰ ਕੱਲ੍ਹ ਤੋਂ ਅਗਲੇ ਤਿੰਨ ਦਿਨਾਂ ਲਈ ਗਰਮੀ ਤੋਂ ਵੱਡੀ ਰਾਹਤ ਮਿਲਣ ਵਾਲੀ ਹੈ,16 ਮਈ ਤੋਂ 18 ਮਈ ਤੱਕ ਹਨੇਰੀ ਅਤੇ ਮੀਂਹ ਦਾ ਅਲਰਟ ਹੈ । ਪਰ ਇਸ ਹਫਤੇ ਦੇ ਸ਼ੁਰੂਆਤ ਤੋਂ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ । ਅੱਜ ਦਿਨ ਦੇ ਤਾਪਮਾਨ ਵਿੱਚ 1.6 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ । ਕਈ ਜ਼ਿਲ੍ਹਿਆਂ ਵਿੱਚ ਤਾਪਮਾਨ ਆਮ ਨਾਲੋਂ 2 ਤੋਂ 4 ਡਿਗਰੀ ਵੱਧ ਦਰਜ ਕੀਤਾ ਜਾ ਰਿਹਾ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ ਦਰਜ ਕੀਤਾ ਗਿਆ ਜਿੱਥੇ ਪਾਰਾ 43.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 41.6 ਡਿਗਰੀ ਸੈਲਸੀਅਸ, ਫ਼ਰੀਦਕੋਟ ਵਿੱਚ 41.5 ਡਿਗਰੀ ਸੈਲਸੀਅਸ ਅਤੇ ਪਟਿਆਲਾ ਵਿੱਚ 41.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਚੰਡੀਗੜ੍ਹ ਵਿੱਚ ਵੀ ਤਾਪਮਾਨ 40.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਵਿੱਚ ਸਵੇਰ ਦੇ ਤਾਪਮਾਨ ਵਿੱਚ ਵੀ 0.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਹਰਿਆਣਾ ਵਿੱਚ ਵੀ ਬੀਤੇ ਦਿਨ ਤੋਂ ਹਨੇਰੀ ਅਤੇ ਮੀਂਹ ਦਾ ਅਲਰਟ ਹੈ 18 ਮਈ ਤੱਕ ਪੂਰੇ ਸੂਬੇ ਵਿੱਚ ਇਸੇ ਤਰ੍ਹਾਂ ਹਨੇਰੀ ਅਤੇ ਮੀਂਹ ਜਾਰੀ ਰਹੇਗੀ । ਦਿਨ ਦੇ ਤਾਪਮਾਨ ਵਿੱਚ ਮਾਮੂਲੀ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ । ਨੂੰਹ ਵਿੱਚ ਸਭ ਤੋਂ ਜ਼ਿਆਦਾ 43 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਾਂ ਦਾ ਤਾਪਮਾਨ 40 ਡਿਗਰੀ ਦੇ ਆਲੇ ਦੁਆਲੇ ਪਹੁੰਚ ਗਿਆ ਹੈ ।

ਹਿਮਾਚਲ ਪ੍ਰਦੇਸ਼ ਵਿੱਚ ਅਗਲੇ 4 ਦਿਨ ਤੱਕ ਮੌਸਮ ਪੂਰੀ ਤਰ੍ਹਾਂ ਨਾਲ ਸਾਫ ਰਰੇਗਾ । ਜਿਸ ਦੀ ਵਜ੍ਹਾ ਕਰਕੇ ਮੈਦਾਨੀ ਇਲਾਕਿਆਂ ਵਿੱਚ ਗਰਮੀ ਵੱਧ ਸਕਦੀ ਹੈ। ਤਾਪਮਾਨ ਵਿੱਚ 4 ਤੋਂ 5 ਡਿਗਰੀ ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ । 48 ਘੰਟਿਆਂ ਦੇ ਦੌਰਾਨ ਕਈ ਸ਼ਹਿਰਾਂ ਦਾ ਤਾਪਮਾਨ 7 ਡਿਗਰੀ ਤੱਕ ਵੱਧ ਗਿਆ ਹੈ । 9 ਸ਼ਹਿਰਾਂ ਦਾ ਪਾਰਾ 35 ਡਿਗਰੀ ਨੂੰ ਪਾਰ ਕਰ ਗਿਆ ਹੈ। ਊਨਾ ਦਾ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ ਹੈ । ਹਮੀਰਪੁਰ ਅਤੇ ਬਿਲਾਸਪੁਰ ਦਾ ਪਾਰਾ 38 ਡਿਗਰੀ ਜ਼ਿਆਦਾ ਹੋ ਗਿਆ ਹੈ ।

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਗਰਮੀ ਲਗਾਤਾਰ ਤੇਜ਼ੀ ਨਾਲ ਵੱਧ ਰਹੀ ਹੈ ਦਿਨ ਦਾ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ,ਅਗਲੇ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ 43 ਡਿਗਰੀ ਤੱਕ ਪਹੁੰਚਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜਧਾਨੀ ਵਿੱਚ ਰਾਤ ਭਰ ਆਏ ਧੂੜ ਭਰੇ ਤੂਫ਼ਾਨ ਤੋਂ ਬਾਅਦ, ਵੀਰਵਾਰ ਸਵੇਰੇ ਸ਼ਹਿਰ ‘ਤੇ ਧੂੜ ਦੀ ਇੱਕ ਪਰਤ ਛਾਈ ਰਹੀ, ਜਿਸ ਨਾਲ ਦ੍ਰਿਸ਼ਟੀ ਘੱਟ ਗਈ ਅਤੇ ਹਵਾ ਦੀ ਗੁਣਵੱਤਾ ਵਿਗੜ ਗਈ। ਭਾਰਤੀ ਮੌਸਮ ਵਿਭਾਗ ਮੁਤਾਬਿਕ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਧੂੜ ਭਰੀਆਂ ਤੇਜ਼ ਹਵਾਵਾਂ ਕਾਰਨ ਆਈ। ਤੂਫ਼ਾਨ ਤੋਂ ਬਾਅਦ, ਬੁੱਧਵਾਰ ਰਾਤ 10 ਵਜੇ ਤੋਂ 11:30 ਵਜੇ ਦੇ ਵਿਚਕਾਰ, ਆਈਜੀਆਈ ਹਵਾਈ ਅੱਡੇ ‘ਤੇ ਦ੍ਰਿਸ਼ਟੀ 4,500 ਮੀਟਰ ਤੋਂ ਘਟ ਕੇ 1,200 ਮੀਟਰ ਰਹਿ ਗਈ।

Exit mobile version