The Khalas Tv Blog Punjab ਵਿਧਾਨ ਸਭਾ ’ਚ ਉੱਠਿਆ ਗੈਂਗਸਟਰ ਲਾਰੈਂਸ ਦਾ ਮੁੱਦਾ! ਕਮੇਟੀ ਬਣਾ ਕੇ ਜਾਂਚ ਕਰਵਾਉਣ ਤੇ ਮਦਦਗਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ
Punjab

ਵਿਧਾਨ ਸਭਾ ’ਚ ਉੱਠਿਆ ਗੈਂਗਸਟਰ ਲਾਰੈਂਸ ਦਾ ਮੁੱਦਾ! ਕਮੇਟੀ ਬਣਾ ਕੇ ਜਾਂਚ ਕਰਵਾਉਣ ਤੇ ਮਦਦਗਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ

ਬਿਉਰੋ ਰਿਪੋਰਟ: ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਅੱਜ (ਮੰਗਲਵਾਰ) ਦੂਜੇ ਦਿਨ ਵੀ ਜਾਰੀ ਹੈ। ਇਸ ਦੌਰਾਨ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਇਹ ਮੁੱਦਾ ਪੂਰੇ ਪੰਜਾਬ ਨੂੰ ਪ੍ਰਭਾਵਿਤ ਕਰ ਰਿਹਾ ਹੈ। ਬਾਜਵਾ ਨੇ ਇਸ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ CIA ਸਟਾਫ਼, ਖਰੜ ’ਚ ਕਸਟਡੀ ਦੌਰਾਨ ਇੱਕ ਨਿੱਜੀ TV ਚੈੱਨਲ ’ਤੇ ਇੰਟਰਵਿਊ ਕਰਵਾਉਣ ਵਾਲੇ ਮਾਮਲੇ ਵਿੱਚ ਦੋਸ਼ੀ ਮੁਲਾਜ਼ਮਾਂ ਸਬੰਧੀ ਕਾਰਵਾਈ ਦੀ ਰਿਪੋਰਟ ਤਲਬ ਕਰਨ ਦੀ ਮੰਗ ਕੀਤੀ ਹੈ।

ਬਾਜਵਾ ਨੇ ਕਿਹਾ ਕਿ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਵੀ ਇਸ ਗਿਰੋਹ ਦਾ ਹੱਥ ਹੈ। ਹੁਣ ਵਿਦੇਸ਼ਾਂ ਦੇ ਗਾਇਕਾਂ ਨੂੰ ਵੀ ਗੋਲ਼ੀਆਂ ਚਲਾ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਰਾਸ਼ਟਰੀ ਟੀਵੀ ’ਤੇ ਇੱਕ ਘੰਟੇ ਲਈ ਲਾਰੈਂਸ ਦੀ ਇੰਟਰਵਿਊ ਕੀਤੀ ਗਈ। ਜਦੋਂ ਇਹ ਮੁੱਦਾ ਉਠਾਇਆ ਗਿਆ ਤਾਂ ਕਿਹਾ ਗਿਆ ਕਿ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇੰਟਰਵਿਊ ਨਹੀਂ ਕਰਵਾਈ ਗਈ। ਫਿਰ ਸਪੈਸ਼ਲ ਡੀਜੀਪੀ ਨੇ ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਰਿਪੋਰਟ ਸੌਂਪੀ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਖਰੜ ਵਿੱਚ ਇੰਟਰਵਿਊ ਰੱਖੀ ਗਈ ਸੀ। ਇਸ ਵਿੱਚ ਇੱਕ ਐਸਪੀ ਪੱਧਰ ਦੇ ਅਧਿਕਾਰੀ ਨੇ ਆਪਣੇ ਫ਼ੋਨ ਤੋਂ ਇੰਟਰਵਿਊ ਲਈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜੇਪੀਸੀ ਦੀ ਤਰਜ਼ ’ਤੇ ਕਮੇਟੀ ਬਣਾ ਕੇ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਏਜੀਟੀਐਫ ਨੇ ਲਾਰੈਂਸ ਨੂੰ ਸਿਵਲ ਪੁਲਿਸ ਕੋਲ ਭੇਜਿਆ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਹਾਈ ਕੋਰਟ ਵੱਲੋਂ ਬਣਾਈ ਗਈ ਐਸਆਈਟੀ ਦੇ ਮੁਖੀ ਨੂੰ ਇਸ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾਵੇ ਕਿ ਇਸ ਦੇ ਮਦਦਗਾਰ ਕੌਣ ਹਨ। ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰਕੇ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਦਿਨ ਦਿਹਾੜੇ ਗੋਲੀਆਂ ਚਲਾਉਣ, ਫ਼ਿਰੋਤੀਆ, ਲੁੱਟਾਂ-ਖੋਹਾਂ ਦਾ ਨਵਾਂ ਦੌਰ ਚੱਲ ਰਿਹਾ ਹੈ, ਇਹ ਪੰਜਾਬ ਵਿੱਚ ‘ਆਪ’ ਸਰਕਾਰ ਦੇ ਰਾਜ ਦੌਰਾਨ ਤੇਜ਼ੀ ਨਾਲ ਵਧਿਆ ਹੈ, ਪਰ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀ ਸੁਰੱਖਿਆਂ ਅਤੇ ਹਿਫ਼ਾਜ਼ਤ ਲਈ ਰੱਤੀ ਭਰ ਵੀ ਗੰਭੀਰ ਨਹੀਂ।

Exit mobile version