The Khalas Tv Blog Punjab ਪੰਜਾਬੀ ਯੂਨੀਵਰਸਿਟੀ ਨੇ ਲਾਪਰਵਾਹੀ ਦੀ ਹੱਦ ਪਾਰ ਕਰ ਦਿੱਤੀ !
Punjab

ਪੰਜਾਬੀ ਯੂਨੀਵਰਸਿਟੀ ਨੇ ਲਾਪਰਵਾਹੀ ਦੀ ਹੱਦ ਪਾਰ ਕਰ ਦਿੱਤੀ !

ਬਿਊਰੋ ਰਿਪੋਰਟ : ਪੰਜਾਬੀ ਯੂਨੀਵਰਸਿਟੀ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਨਾਲ 15 ਹਜ਼ਾਰ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ। 31 ਮਾਰਚ ਤੋਂ ਪਹਿਲਾਂ UGC ਨੂੰ DEB ਯਾਨੀ ਡਿਸਟੈਂਸ ਐਜੂਕੇਸ਼ਨ ਦੀ ਫ਼ੀਸ ਜਮ੍ਹਾ ਕਰਵਾਉਣ ਸੀ। ਪਰ ਯੂਨੀਵਰਸਿਟੀ ਵੱਲੋਂ ਅਜਿਹਾ ਨਹੀਂ ਕੀਤਾ ਗਿਆ । ਇਸ ਲਾਪਰਵਾਹੀ ਦੀ ਵਜ੍ਹਾ ਕਰਕੇ ਯੂਨੀਵਰਸਿਟੀ ਨੇ ਡਿਸਟੈਂਸ ਵਿਭਾਗ ਦੇ HOD ਪ੍ਰੋ. ਸਤਨਾਮ ਸਿੰਘ ਅਤੇ ਸਹਾਇਕ ਕਲਰਕ ਨੂੰ ਮੁਅੱਤਲ ਕਰ ਦਿੱਤਾ ਹੈ। ਡਿਸਟੈਂਸ ਐਜੂਕੇਸ਼ਨ ਯੂਨੀਵਰਸਿਟੀ ਦੀ ਆਮਦਨ ਦਾ ਵੱਡਾ ਸਰੋਤ ਹੈ। ਹੁਣ UGC ਨੂੰ ਫ਼ੀਸ ਨਾ ਭਰਨ ‘ਤੇ ਇਨ੍ਹਾਂ ਕੋਰਸਾਂ ਨੂੰ ਮਨਜ਼ੂਰੀ ਨਹੀਂ ਮਿਲੀ ਹੈ।

ਦਰਅਸਲ ਪੰਜਾਬੀ ਯੂਨੀਵਰਸਿਟੀ ਵਿੱਚ ਇੱਕ ਰੈਗੂਲਰ ਕੋਰਸ ਹਨ ਦੂਜਾ ਡਿਸਟੈਂਸ ਕੋਰਸ, ਜਿਸ ਵਿੱਚ ਪ੍ਰਾਈਵੇਟ ਅਤੇ ਕਾਰਸਪਾਂਡੈਂਟ ਐਜੂਕੇਸ਼ਨ ਹੁੰਦੀ ਹੈ। ਯੂਨੀਵਰਸਿਟੀ ਵਿੱਚ ਤਕਰੀਬਨ ਅੱਧੇ ਦਾਖ਼ਲੇ ਡਿਸਟੈਂਸ ਐਜੂਕੇਸ਼ਨ ਦੇ ਜ਼ਰੀਏ ਕੀਤੇ ਗਏ ਹਨ। UGC ਦੇ ਨਿਯਮਾਂ ਦੇ ਮੁਤਾਬਕ ਇਹ ਦਾਖ਼ਲੇ ਹੁੰਦੇ ਹਨ । UGC ਦੇ ਵਿੱਚ ਇੱਕ ਪੋਰਟਲ ਹੁੰਦਾ ਹੈ ਜਿਸ ਨੂੰ DEB ਕਿਹਾ ਜਾਂਦਾ ਹੈ। ਇਸ ਵਿੱਚ ਯੂਨੀਵਰਸਿਟੀ ਨੂੰ ਇੱਕ ਫ਼ੀਸ ਭਰਨੀ ਹੁੰਦੀ ਹੈ । ਜਿਸ ਤੋਂ ਬਾਅਦ ਯੂਨੀਵਰਸਿਟੀ ਨੂੰ ਵੱਖ-ਵੱਖ ਕੋਰਸਾਂ ਨੂੰ ਮਨਜ਼ੂਰੀ ਮਿਲ ਦੀ ਹੈ।

ਯੂਨੀਵਰਸਿਟੀ ਦੇ ਡਿਸਟੈਂਸ ਵਿਭਾਗ ਦੀ ਲਾਪਰਵਾਹੀ ਇਹ ਹੈ ਕਿ ਇੰਨੇ ਸਾਲਾਂ ਤੋਂ UGC ਤੋਂ ਫ਼ੀਸ ਕਰਕੇ ਕੋਰਸਾਂ ਲਈ ਮਨਜ਼ੂਰੀ ਲੈਣ ਦਾ ਕੰਮ ਚੱਲ ਰਿਹਾ ਸੀ । ਪਰ ਇਸ ਵਾਰ ਫ਼ੀਸ ਹੀ ਨਹੀਂ ਭਰੀ ਗਈ ਹੈ । ਜਿਸ ਤੋਂ ਬਾਅਦ ਹੁਣ ਯੂਜੀਸੀ ਨੇ ਕੋਰਸਾਂ ਨੂੰ ਮਨਜ਼ੂਰੀ ਨਹੀਂ ਦਿੱਤੀ । ਨਤੀਜਾ ਇਹ ਹੋਇਆ ਹੈ ਜਿਨ੍ਹਾਂ ਵਿਦਿਆਰਥੀਆਂ ਨੇ ਦਾਖਲਾ ਲਿਆ ਸੀ ਉਹ ਹੁਣ ਕੋਰਸ ਨਹੀਂ ਕਰ ਸਕਦੇ ਹਨ । ਯੂਨੀਵਰਸਿਟੀ ਨੂੰ ਹੁਣ ਉਨ੍ਹਾਂ ਕੋਰਸਾਂ ਦੀ ਫ਼ੀਸ ਵਾਪਸ ਕਰਨੀ ਪੈ ਰਹੀ ਹੈ । ਇਸ ਨਾਲ 15 ਹਜ਼ਾਰ ਵਿਦਿਆਰਥੀਆਂ ਦਾ ਸਾਲ ਖ਼ਰਾਬ ਹੋ ਸਕਦਾ ਹੈ । ਤਕਰੀਬਨ 20 ਹਜ਼ਾਰ ਵਿਦਿਆਰਥੀ ਹਰ ਸਾਲ ਯੂਨੀਵਰਸਿਟੀ ਵਿੱਚ ਦਾਖਲਾ ਲੈਂਦੇ ਹਨ ਜਿਨ੍ਹਾਂ ਵਿੱਚ ਡਿਸਟੈਂਸ ਐਜੂਕੇਸ਼ਨ ਵਿੱਚ ਦਾਖਲਾ 15 ਹਜ਼ਾਰ ਹੁੰਦਾ ਹੈ । ਯਾਨੀ 80 ਫ਼ੀਸਦੀ ਦਾਖ਼ਲੇ ‘ਤੇ ਸਵਾਲ ਖੜੇ ਹੋ ਗਏ ਹਨ ।

ਵਿਦਿਆਰਥੀ ਯੂਨੀਅਨ ਨੇ ਇਸ ਦੇ ਖ਼ਿਲਾਫ਼ ਸੋਮਵਾਰ ਨੂੰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਲਈ ਸਿਰਫ਼ 2 ਵਿਅਕਤੀ ਹੀ ਕਿਉਂ ਜ਼ਿੰਮੇਵਾਰ ਹਨ। ਜੋ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਹਨ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਬਰਾਬਰ ਦੀ ਬਣਦੀ ਹੈ । ਜਿਨ੍ਹਾਂ ਨੇ ਸਮਾਂ ਰਹਿੰਦੇ ਇਸ ਵੱਲ ਧਿਆਨ ਨਹੀਂ ਦਿੱਤਾ । ਪੂਰੇ ਪੰਜਾਬ ਤੋਂ ਵਿਦਿਆਰਥੀਆਂ ਨੇ ਇਸ ਉਮੀਦ ਨਾਲ ਦਾਖਲਾ ਲਿਆ ਕਿ ਉਹ ਆਪਣੇ ਕੰਮ-ਕਾਜ ਦੇ ਨਾਲ ਪੜਾਈ ਨੂੰ ਡਿਸਟੈਂਸ ਐਜੂਕੇਸ਼ਨ ਦੇ ਜ਼ਰੀਏ ਅੱਗੇ ਵਧਾ ਸਕਣ ਪਰ ਇਸ ਨਾਲ ਨਾ ਸਿਰਫ਼ ਉਨ੍ਹਾਂ ਦਾ ਸੁਪਨਾ ਟੁੱਟਿਆ ਹੈ ਬਲਕਿ ਯੂਨੀਵਰਸਿਟੀ ਦੀ ਸਾਕ ਨੂੰ ਵੀ ਧੱਕਾ ਲੱਗਿਆ ਹੈ । ਪੰਜਾਬੀ ਯੂਨੀਵਰਸਿਟੀ ਲੰਮੇ ਸਮੇਂ ਤੋਂ ਫ਼ੰਡਾਂ ਦੀ ਘਾਟ ਨੂੰ ਲੈ ਕੇ ਵਿਵਾਦਾਂ ਵਿੱਚ ਚੱਲ ਰਹੀ ਸੀ । ਯੂਨੀਵਰਸਿਟੀ ਦੇ ਮੁਲਾਜ਼ਮ ਅਤੇ ਵਿਦਿਆਰਥੀਆਂ ਵੱਲੋਂ ਲਗਾਤਾਰ ਧਰਨੇ ਦਿੱਤੇ ਜਾ ਰਹੇ ਸਨ । ਪਰ ਜਿਸ ਤਰ੍ਹਾਂ ਨਾਲ UGC ਨੂੰ ਫ਼ੀਸ ਨਾ ਭਰਨ ‘ਤੇ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ ਹੈ। ਉਸ ‘ਤੇ ਕਾਰਵਾਈ ਤਾਂ ਕੀਤੀ ਗਈ ਹੈ ਪਰ ਪੂਰੀ ਜਾਂਚ ਹੋਣੀ ਚਾਹੀਦੀ ਹੈ ।

Exit mobile version