The Khalas Tv Blog India ਪੰਜਾਬ ਯੂਨੀ ’ਚ ਇੱਕ ਵਾਰ ਫੇਰ ਹੋ ਸਕਦਾ ਵਿਵਾਦ, ਭਲਕੇ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ, ਵੱਡੇ ਪ੍ਰਦਰਸ਼ਨ ਦੇ ਆਸਾਰ
India Punjab

ਪੰਜਾਬ ਯੂਨੀ ’ਚ ਇੱਕ ਵਾਰ ਫੇਰ ਹੋ ਸਕਦਾ ਵਿਵਾਦ, ਭਲਕੇ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ, ਵੱਡੇ ਪ੍ਰਦਰਸ਼ਨ ਦੇ ਆਸਾਰ

ਬਿਊਰੋ ਰਿਪੋਰਟ (ਚੰਡੀਗੜ੍ਹ, 25 ਨਵੰਬਰ 2025): ਪੰਜਾਬ ਯੂਨੀਵਰਸਿਟੀ (PU) ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਵੱਡੇ ਵਿਵਾਦ ਦੀ ਸੰਭਾਵਨਾ ਬਣ ਗਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਨਾ ਹੋਣ ਕਾਰਨ ‘ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚਾ’ ਨੇ 26 ਨਵੰਬਰ 2025 ਨੂੰ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਮੋਰਚੇ ਤੋਂ 25 ਨਵੰਬਰ 2025 ਤੱਕ ਦਾ ਸਮਾਂ ਲਿਆ ਸੀ।

ਬੁੱਧਵਾਰ ਨੂੰ ਵੱਡਾ ਪ੍ਰਦਰਸ਼ਨ

ਬੁੱਧਵਾਰ ਨੂੰ ਹੋਣ ਵਾਲੇ ਇਸ ਪ੍ਰਦਰਸ਼ਨ ਦੌਰਾਨ ਯੂਨੀਵਰਸਿਟੀ ਵਿੱਚ ਇੱਕ ਵਾਰ ਫਿਰ ਪੂਰੇ ਸੂਬੇ ਵਿੱਚੋਂ ਵਿਦਿਆਰਥੀ ਅਤੇ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰ ਪਹੁੰਚਣਗੇ ਅਤੇ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੇ।

ਜ਼ਿਕਰਯੋਗ ਹੈ ਕਿ ਵਾਈਸ ਚਾਂਸਲਰ ਰੇਨੂ ਵਿੱਜ ਵੱਲੋਂ ਸੀਨੇਟ ਚੋਣਾਂ ਕਰਵਾਉਣ ਲਈ ਚਾਂਸਲਰ (ਉਪ-ਰਾਸ਼ਟਰਪਤੀ) ਤੋਂ ਮਨਜ਼ੂਰੀ ਲੈਣ ਲਈ ਲਿਖਿਆ ਗਿਆ ਹੈ, ਪਰ ਅਜੇ ਤੱਕ ਇਸ ਲਈ ਮਨਜ਼ੂਰੀ ਨਹੀਂ ਮਿਲ ਸਕੀ ਹੈ।

ਵਿਦਿਆਰਥੀਆਂ ਵੱਲੋਂ ਲਗਾਤਾਰ ਰੈਲੀਆਂ

26 ਨਵੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਲਈ ਵਿਦਿਆਰਥੀ ਲਗਾਤਾਰ ਯੂਨੀਵਰਸਿਟੀ ਵਿੱਚ ਰੈਲੀਆਂ ਕੱਢ ਰਹੇ ਹਨ। ਉਹ ਵੱਖ-ਵੱਖ ਥਾਵਾਂ ’ਤੇ ਜਾ ਕੇ ਯੂਨੀਵਰਸਿਟੀ ਅੰਦਰ ਦੁਕਾਨਾਂ ਚਲਾਉਣ ਵਾਲਿਆਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਬੰਦ ਬਾਰੇ ਜਾਣਕਾਰੀ ਦੇ ਰਹੇ ਹਨ। ਵਿਦਿਆਰਥੀ ਇਸ ਪ੍ਰਦਰਸ਼ਨ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਬੰਦ ਦੀ ਕਾਲ ਨੂੰ ਮੋਗਾ ਪੰਚਾਇਤ ਤੇ ਅਧਿਆਪਕਾਂ ਦਾ ਸਮਰਥਨ

ਮੋਗਾ ਜ਼ਿਲ੍ਹੇ ਦੇ ਪਿੰਡ ਪੰਜਗਰਾਈਂ ਖੁਰਦ ਦੀ ਪੰਚਾਇਤ ਨੇ ਅੱਜ ਮਤਾ ਪਾ ਕੇ ਇਸ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ। ਪਿੰਡ ਦੀ ਮਹਿਲਾ ਸਰਪੰਚ ਬਲਜੀਤ ਕੌਰ ਸਮੇਤ ਸਾਰੇ ਪੰਚਾਂ ਦੇ ਹਸਤਾਖਰਾਂ ਨਾਲ ਜਾਰੀ ਕੀਤੇ ਗਏ ਇਸ ਮਤੇ ਵਿੱਚ ਚੰਡੀਗੜ੍ਹ ’ਤੇ ਪੰਜਾਬ ਦੇ ਹੱਕ ਨੂੰ ਜਤਾਇਆ ਗਿਆ ਹੈ।

ਇਸ ਤੋਂ ਇਲਾਵਾ, ਪੰਜਾਬ ਟੀਚਰਜ਼ ਐਸੋਸੀਏਸ਼ਨ ਪੰਜਾਬ ਅਤੇ ਸਕੂਲ ਟੀਚਰਜ਼ ਫੈਡਰੇਸ਼ਨ ਵੱਲੋਂ ਵੀ ਮੋਰਚੇ ਨੂੰ ਸਮਰਥਨ ਦਿੱਤਾ ਗਿਆ ਹੈ। ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਭਰ ਤੋਂ ਅਧਿਆਪਕ ਵੀ ਯੂਨੀਵਰਸਿਟੀ ਬੰਦ ਦੀ ਕਾਲ ਨੂੰ ਕਾਮਯਾਬ ਕਰਨ ਲਈ ਚੰਡੀਗੜ੍ਹ ਪਹੁੰਚਣਗੇ।

 

Exit mobile version