ਬਿਊਰੋ ਰਿਪੋਰਟ : ਜੇਕਰ ਤੁਸੀਂ ਦਿੱਲੀ ਤੋਂ ਅੰਮ੍ਰਿਤਸਰ ਜਾਂ ਫਿਰ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੇ ਹੋ ਤਾਂ ਇਹ ਤੁਹਾਡੇ ਲਈ ਜ਼ਰੂਰੀ ਖਬਰ ਹੈ। ਸ਼ੰਭੂ ਬਾਰਡ ਤੋਂ ਟਰੈਫਿਰ ਪੂਰੀ ਤਰ੍ਹਾਂ ਨਾਲ ਜਾਮ ਹੈ। ਪੰਜਾਬ ਦੀ ਟਰੱਕ ਯੂਨੀਅਨ ਨੇ ਦੋਵੇ ਪਾਸੇ ਤੋਂ ਸੜਕ ਬਲੌਕ ਕਰ ਦਿੱਤੀ ਹੈ ਅਤੇ ਪੱਕਾ ਧਰਨਾ ਲਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੰਭੂ ਬਾਰਡਰ ‘ਤੇ ਕਈ ਕਿਲੋਮੀਟਰ ਲੰਮਾ ਜਾਮ ਲੱਗ ਗਿਆ ਹੈ । ਲੋਕ ਗੱਡੀਆਂ ਵਿੱਚ ਪਰੇਸ਼ਾਨ ਬੈਠੇ ਹਨ ਨਾ ਉਹ ਅੱਗੇ ਜਾ ਸਕਦੇ ਹਨ ਨਾ ਹੀ ਪਿੱਛੇ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਰਾਜਪੁਰਾ ਤੋਂ ਪੁਲਿਸ ਨੇ ਦਿੱਲੀ ਜਾਣ ਦੇ ਲਈ ਰੂਟ ਡਾਇਵਰਟ ਕੀਤਾ ਹੈ । ਪਰ ਜਾਮ ਦੀ ਵਜ੍ਹਾ ਕਰਕੇ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹਨ। ਤਕਰੀਬਨ 2 ਹਜ਼ਾਰ ਟਰੱਕ ਆਪਰੇਟਰ ਸੜਕ ਦੇ ਵਿੱਚੋ ਵਿੱਚ ਬੈਠ ਗਏ ਹਨ। ਸਵੇਰ 12 ਵਜੇ ਤੋਂ ਧਰਨਾ ਜਾਰੀ ਹੈ ਅਤੇ ਟਰੱਕ ਆਪਰੇਟਰਾਂ ਵੱਲੋਂ ਇੱਥੇ ਪੱਕਾ ਧਰਨਾ ਲਾ ਲਿਆ ਗਿਆ ਹੈ । SDM ਰਾਜਪੁਰਾ ਵੱਲੋਂ ਮੌਕੇ ‘ਤੇ ਪਹੁੰਚ ਕੇ ਧਰਨਾਕਾਰੀ ਟਰੱਕ ਆਪਰੇਟਰਾਂ ਨਾਲ ਗੱਲ ਕੀਤੀ ਗਈ ਹੈ ਪਰ ਕੋਈ ਨਤੀਜਾ ਨਹੀਂ ਨਿਕਲਿਆ ਹੈ । ਆਪਰੇਟਰ ਟਰੱਕ ਯੂਨੀਅਨ ਨੂੰ ਬਹਾਰ ਕਰਨ ‘ਤੇ ਅੜੇ ਹੋਏ ਹਨ ।
ਇਨ੍ਹਾਂ ਯਾਤਰੀਆਂ ਲਈ ਕੋਈ ਪਰੇਸ਼ਾਨੀ ਨਹੀਂ ਹੈ
ਜਿਰੜੇ ਲੋਕ ਅੰਮ੍ਰਿਤਸਰ ਤੋਂ ਜਲੰਧਰ,ਲੁਧਿਆਣਾ,ਖੰਨਾ,ਅੰਬਾਲਾ ਤੱਕ ਆ ਰਹੇ ਹਨ ਉਨ੍ਹਾਂ ਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਪਰ ਜਿਹੜੇ ਦਿੱਲੀ ਜਾਣਾ ਚਾਉਂਦੇ ਹਨ ਉਨ੍ਹਾਂ ਲਈ ਮੁਸੀਬਤ ਹੈ ਉਨ੍ਹਾਂ ਨੂੰ ਟਰੈਫਿਕ ਪੁਲਿਸ ਵੱਲੋਂ ਰਾਜਪੁਰਾ ਤੋਂ ਡਾਇਵਰਟ ਕੀਤੇ ਗਏ ਰੂਟ ਤੋਂ ਦਿੱਲੀ ਜਾਣਾ ਹੋਵੇਗਾ । ਇਸ ਦੇ ਲਈ ਉਨ੍ਹਾਂ ਨੂੰ 2 ਤੋਂ 3 ਘੰਟੇ ਵਾਧੂ ਸਮਾਂ ਪਹੁੰਚਣ ਲਈ ਲੱਗ ਸਕਦਾ ਹੈ। ਇਸ ਤੋਂ ਇਲਾਵਾ ਜਿਹੜੇ ਲੋਕ ਦਿੱਲੀ ਤੋਂ ਸੋਨੀਪਤ,ਪਾਣੀਪਤ,ਕਰਨਾਲ ਜਾਂ ਫਿਰ ਕੁਰੂਸ਼ੇਤਰ ਤੱਕ ਆ ਰਹੇ ਹਨ ਉਨ੍ਹਾਂ ਲਈ ਵੀ ਇੰਨੀ ਪਰੇਸ਼ਾਨੀ ਨਹੀਂ ਪਰ ਜੇਕਰ ਉਹ ਅੰਮ੍ਰਿਤਸਰ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਰੂਟ ਬਦਲ ਕੇ ਜਾਣਾ ਹੋਵੇਗਾ ।
ਟਰੱਕ ਆਪਰੇਟਰਾਂ ਦੀ ਮੰਗਾਂ
ਕੈਪਟਨ ਸਰਕਾਰ ਨੇ 2017 ਵਿੱਚ ਟਰੱਕ ਆਪਰੇਟਰ ਯੂਨੀਅਨ ਨੂੰ ਭੰਗ ਕਰ ਦਿੱਤਾ ਸੀ। ਕਾਂਗਰਸ ਸਰਕਾਰ ਦਾ ਇਹ ਸਭ ਤੋਂ ਅਹਿਮ ਫੈਸਲਾ ਸੀ । ਹੁਣ 5 ਸਾਲ ਬਾਅਦ ਮੁੜ ਤੋਂ ਟਰੱਕ ਆਪਰੇਟਰ ਯੂਨੀਅਨ ਨੂੰ ਬਹਾਲ ਕਰਨ ਦੀ ਮੰਗ ਕਰ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਲੰਮੇ ਵਕਤ ਤੋਂ ਉਹ ਇਸ ਮਸਲੇ ਵਿੱਚ ਸਰਕਾਰ ਨਾਲ ਕਈ ਮੀਟਿੰਗਾਂ ਕਰ ਚੁੱਕੇ ਹਨ ਪਰ ਕੋਈ ਸਿੱਟਾ ਨਹੀਂ ਨਕਲਿਆ ਹੈ । ਇਸ ਲਈ ਹੁਣ ਉਹ ਧਰਨੇ ‘ਤੇ ਬੈਠ ਗਏ ਹਨ । ਜਦੋਂ ਤੱਕ ਟਰੱਕ ਯੂਨੀਅਨ ਬਹਾਲ ਨਹੀਂ ਹੋਵੇਗੀ ਉਨ੍ਹਾਂ ਦਾ ਧਰਨਾ ਖਤਮ ਨਹੀਂ ਹੋਵੇਗਾ ।