The Khalas Tv Blog Punjab ਸ਼ੁੱਕਰਵਾਰ ਤੱਕ ਪ੍ਰੋਪਰਟੀ ਦੇ ਰਜਿਸਟਰੇਸ਼ਨ ਨਹੀਂ ਕਰਨਗੇ ਪੰਜਾਬ ਦੇ ਤਹਿਸੀਲਦਾਰ
Punjab

ਸ਼ੁੱਕਰਵਾਰ ਤੱਕ ਪ੍ਰੋਪਰਟੀ ਦੇ ਰਜਿਸਟਰੇਸ਼ਨ ਨਹੀਂ ਕਰਨਗੇ ਪੰਜਾਬ ਦੇ ਤਹਿਸੀਲਦਾਰ

ਅੱਜ ਪੂਰੇ ਪੰਜਾਬ ਦੀਆਂ ਤਹਿਸੀਲਾਂ ਵਿੱਚ ਪੂਰੀ ਤਰ੍ਹਾਂ ਨਾਲ ਕੰਮ ਠੱਪ ਰਿਹਾ। ਲੁਧਿਆਣਾ ਅਤੇ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਵਿੱਚ ਵਿਜੀਲੈਂਸ ਵਿਭਾਗ ਵੱਲੋਂ ਤਹਿਸੀਲਦਾਰਾਂ ਅਤੇ ਹੋਰ ਮੁਲਾਜ਼ਮਾਂ ਖਿਲਾਫ਼ ਕੀਤੀ ਗਈ ਕਾਰਵਾਈ ਤੋਂ ਬਾਅਦ ਨਰਾਜ਼ ਪੰਜਾਬ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਨੇ ਹੜ੍ਹਤਾਲ ਦਾ ਐਲਾਨ ਕੀਤਾ ਸੀ।

ਜਿਸ ਤੋਂ ਬਾਅਦ ਲੁਧਿਆਣਾ ਵਿਖੇ ਮਾਲ ਵਿਭਾਗ ਨਾਲ ਸੰਬੰਧਿਤ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਹੋਈ। ਬੀਤੇ ਦਿਨੀਂ ਵਿਜੀਲੈਂਸ ਵਿਭਾਗ ਵਲੋਂ ਇਕ ਤਹਿਸੀਲਦਾਰ, ਰਜਿਸਟਰੀ ਕਲਰਕ ਸਣੇ ਹੋਰਨਾਂ ਖਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਤਹਿਸੀਲਦਾਰਾਂ ਨੇ ਸੂਬੇ ਭਰ ਵਿਚ ਪ੍ਰਾਪਰਟੀਆਂ ਦੀ ਰਜਿਸਟਰੇਸ਼ਨ ਦੀ ਕਾਰਵਾਈ ਨੂੰ ਸ਼ੁੱਕਰਵਾਰ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ।

ਹਾਲਾਂਕਿ ਇਸ ਤੋਂ ਇਲਾਵਾ ਮਾਲ ਵਿਭਾਗ ਨਾਲ ਸੰਬੰਧਿਤ ਬਾਕੀ ਸਾਰੇ ਕੰਮ ਜਾਰੀ ਰਹਿਣਗੇ। ਲੁਧਿਆਣਾ ਵਿਖੇ ਮਾਲ ਵਿਭਾਗ ਨਾਲ ਸੰਬੰਧਿਤ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਵਿਚ ਤਹਿਸੀਲਦਾਰਾਂ ਦੀ ਜਥੇਬੰਦੀ ਦੇ ਪ੍ਰਧਾਨ ਲਛਮਣ ਸਿੰਘ ਨੇ ਦੋਸ਼ ਲਾਇਆ ਕਿ ਵਿਜ਼ੀਲੈਂਸ ਵਿਭਾਗ ਵਲੋਂ ਝੂਠੇ ਕੇਸ ਤਹਿਤ ਤਹਿਸੀਲਦਾਰ ਅਤੇ ਹੋਰਨਾਂ ਨੂੰ ਫਸਾਇਆ ਗਿਆ।

ਉਨ੍ਹਾਂ ਨੇ ਕਿਹਾ ਕਿ ਇਕ ਤਹਿਸੀਲਦਾਰ ਅਤੇ ਉਸ ਦੇ ਸਟਾਫ਼ ਵਲੋਂ ਵੱਡੀ ਗਿਣਤੀ ਵਿਚ ਹੋਣ ਵਾਲੀਆਂ ਪ੍ਰੋਪਰਟੀ ਦੀਆਂ ਰਜਿਸਟਰੇਸ਼ਨਾਂ ਨਾਲ ਸੰਬੰਧਿਤ ਦਸਤਾਵੇਜਾ ਦੀ ਜਾਂਚ ਕਰਨਾ ਮੁਮਕਿਨ ਨਹੀਂ ਹੈ। ਆਉਂਦੇ ਦਿਨਾਂ ਦੌਰਾਨ ਉਨ੍ਹਾਂ ਵਲੋਂ ਵਿਜੀਲੈਂਸ ਵਿਭਾਗ ਸਣੇ ਵੱਖ ਵੱਖ ਵਿਭਾਗਾਂ ਦੇ ਅਫ਼ਸਰਾਂ ਅਤੇ ਸਿਆਸਤਦਾਨਾਂ ਨਾਲ ਸੰਬੰਧਿਤ ਕਈ ਵੱਡੇ ਖੁਲਾਸੇ ਕੀਤੇ ਜਾਣਗੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸ਼ੁਕਰਵਾਰ ਨੂੰ ਉਨ੍ਹਾਂ ਵਲੋਂ ਇਕ ਹੋਰ ਮੀਟਿੰਗ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।

Exit mobile version