The Khalas Tv Blog India ਪੰਜਾਬ ਦੇ ਟੈਕਸੀ ਡਰਾਈਵਰਾਂ ਦਾ ਹਿਮਾਚਲ ਜਾਣ ਤੋਂ ਇਨਕਾਰ! ਕੰਗਨਾ ਦਾ ਬਿਆਨ ਵੀ ਆਇਆ ਸੀ ਸਾਹਮਣੇ
India Punjab

ਪੰਜਾਬ ਦੇ ਟੈਕਸੀ ਡਰਾਈਵਰਾਂ ਦਾ ਹਿਮਾਚਲ ਜਾਣ ਤੋਂ ਇਨਕਾਰ! ਕੰਗਨਾ ਦਾ ਬਿਆਨ ਵੀ ਆਇਆ ਸੀ ਸਾਹਮਣੇ

ਬਿਉਰੋ ਰਿਪੋਰਟ – ਹਿਮਾਚਲ ਦੀ ਸੈਲਾਨੀ ਸਨਅਤ ਨੂੰ ਪੰਜਾਬ ਦੇ ਲੋਕ ਵੱਡਾ ਹੁੰਗਾਰਾ ਦਿੰਦੇ ਹਨ,ਪੰਜਾਬ ਨੂੰ ਹਿਮਾਚਲ ਦੇ ਸੈਲਾਨੀਆਂ ਦਾ ਗੇਟਵੇਅ ਕਿਹਾ ਜਾਂਦਾ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਵਾਰ-ਵਾਰ ਪੰਜਾਬ ਦੇ ਲੋਕਾਂ ਨੂੰ ਹਿਮਾਚਲ ਵਿੱਚ ਨਿਸ਼ਾਨਾ ਬਣਾਉਣ ਦੇ ਇੱਕ ਤੋਂ ਇੱਕ ਮਾਮਲੇ ਸਾਹਮਣੇ ਆ ਰਹੇ ਹਨ। ਹਿਮਾਚਲ ਦੀ ਸਨਅਤ ਨੂੰ ਵਧਾਵਾ ਦੇਣ ਵਾਲੇ ਟੈਕਸੀ ਡਰਾਈਵਰਾਂ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਬਾਅਦ ਪੰਜਾਬ ਦੀ ਟੈਕਸੀ ਡਰਾਈਵਰ ਨੇ ਵੱਡਾ ਫੈਸਲਾ ਲਿਆ ਹੈ।

ਪੰਜਾਬ ਦੇ ਡਰਾਈਵਰਾਂ ਨੇ ਆਪਣੇ ਨਾਲ ਹਿਮਾਚਲ ਵਿੱਚ ਕੁੱਟਮਾਰ ਦਾ ਇਲਜ਼ਾਮ ਲਗਾਉਂਦੇ ਹੋਏ ਹਿਮਾਚਲ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ, ਜਿਸ ਨਾਲ ਹਿਮਾਚਲ ਪ੍ਰਦੇਸ਼ ਜਾਣ ਵਾਲੇ ਸੈਲਾਨੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਅਸਰ ਹਿਮਾਚਲ ਦੇ ਕਾਰੋਬਾਰ ’ਤੇ ਨਜ਼ਰ ਆ ਰਿਹਾ ਹੈ। ਟੈਕਸੀ ਡਰਾਈਵਰਾਂ ਦਾ ਕਹਿਣਾ ਹੈ ਕਿ ਉਹ ਸੈਲਾਨੀਆਂ ਨੂੰ ਮਨਾ ਲੈਂਦੇ ਹਨ ਕਿ ਉਹ ਹਿਮਾਚਲ ਦੀ ਥਾਂ ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਜਾਣ, ਕਿਉਂਕਿ ਦੋਵੇ ਸੂਬਿਆਂ ਵਿੱਚ ਵੇਖਣ ਲਾਇਕ ਬਹੁਤ ਕੁਝ ਹੈ।

ਪੰਜਾਬ ਦੇ ਟੈਕਸੀ ਡਰਾਈਵਰਾਂ ’ਤੇ ਲਗਾਤਾਰ ਹੋ ਰਹੇ ਹਮਲਿਆ ਅਤੇ ਹਿਮਾਚਲ ਪ੍ਰਦੇਸ਼ ਵਿੱਚ ਗੱਡੀਆਂ ਨਾਲ ਭੰਨਤੋੜ ਕਾਰਨ 8 ਜੁਲਾਈ ਨੂੰ ਮੁਹਾਲੀ ਵਿੱਚ ਟੈਕਸੀ ਯੂਨੀਅਨ ਵੱਲੋਂ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਟੈਕਸੀ ਡਰਾਈਵਰਾਂ ਦੀ ਵੱਡੀ ਮੀਟਿੰਗ ਰੱਖੀ ਗਈ ਹੈ। ਜਿਸ ਵਿੱਚ ਹਿਮਾਚਲ ਟੈਕਸੀ ਡਰਾਈਵਰ ਯੂਨੀਅਨ ਦੇ ਨੁਮਾਇੰਦੇ ਵੀ ਹਿੱਸਾ ਲੈਣਗੇ ਅਤੇ ਜਿਸ ਤੋਂ ਬਾਅਦ ਹੀ ਫੈਸਲਾ ਹੋਵੇਗਾ ਕਿ ਪੰਜਾਬ ਤੋਂ ਟੈਕਸੀਆਂ ਹਿਮਾਚਲ ਜਾਣਗੀਆਂ ਜਾ ਨਹੀਂ। ਯੂਨੀਅਨ ਦਾ ਕਹਿਣਾ ਹੈ ਕਿ ਪੰਜਾਬ ਦੇ ਡਰਾਈਵਰ ਹਿਮਾਚਲ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਨ।

ਡਰਾਈਵਰਾਂ ਦਾ ਕਹਿਣਾ ਹੈ ਕਿਸੇ ਵੀ ਸਮੇਂ ਸ਼ਰਾਰਤੀ ਅਨਸਰ ਉਨ੍ਹਾਂ ’ਤੇ ਹਮਲਾ ਕਰਕੇ ਗੱਡੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਡਰਾਈਵਰਾਂ ਦੀ ਵੀ ਕੁੱਟਮਾਰ ਕੀਤੀ ਜਾਂਦੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਲਗਾਤਾਰ ਹੋ ਰਹੀ ਕੁੱਟਮਾਰ ਨੂੰ ਲੈ ਕੇ ਕੁਝ ਦਿਨ ਪਹਿਲਾਂ ਮੰਡੀ ਤੋਂ ਐੱਮਪੀ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਵੀ ਟਵੀਟ ਕਰਦੇ ਹੋਏ ਸੈਲਾਨੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਬੇਫ਼ਿਕਰ ਹੋ ਕੇ ਹਿਮਾਚਲ ਆਉਣ,ਹਿਮਾਚਲ ਦੇ ਲੋਕ ਕਦੇ ਕਿਸੇ ’ਤੇ ਹਮਲਾ ਨਹੀਂ ਕਰਦੇ ਹਨ।

ਇਹ ਵੀ ਪੜ੍ਹੋ – ਆਸਟ੍ਰੇਲੀਆ ਦਾ ਭਾਰਤੀ ਵਿਦਿਆਰਥੀਆਂ ਨੂੰ ‘ਡਬਲ’ ਝਟਕਾ! ਸਟੂਡੈਂਟ ਵੀਜ਼ਾ ਨੂੰ ਲੈ ਕੇ ਕੀਤਾ ਵੱਡਾ ਐਲਾਨ
Exit mobile version