ਬਿਉਰੋ ਰਿਪੋਰਟ – ਪੰਜਾਬ ਦੇ ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਭਵਿੱਖਵਾਣੀ ਬਦਲ ਦਿੱਤੀ ਹੈ । ਪਹਿਲਾਂ 14 ਮਾਰਚ ਤੱਕ ਮੀਂਹ ਦਾ ਅਲਰਟ ਸੀ ਪਰ ਹੁਣ ਇਸ ਨੂੰ 16 ਮਾਰਚ ਤੱਕ ਵਧਾ ਦਿੱਤਾ ਗਿਆ ਹੈ । ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ । ਪਠਾਨਕੋਟ,ਅੰਮ੍ਰਿਤਸਰ,ਗੁਰਦਾਸਪੁਰ,ਹੁਸ਼ਿਆਰਪੁਰ,ਕਪੂਰਥਲਾ,ਜਲੰਧਰ,ਨਵਾਂ ਸ਼ਹਿਰ,ਰੂਪਨਗਰ,SS ਨਗਰ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਮੀਂਹ ਦਾ ਅਲਰਟ ਹੈ । ਇੰਨਾਂ ਜ਼ਿਲ੍ਹਿਆਂ ਵਿੱਚ ਤੂਫਾਨ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ । ਜਿਸ ਤੋਂ ਬਾਅਦ ਤਾਪਮਾਨ ਵਿੱਚ ਕਮੀ ਦੇ ਅਸਾਰ ਹਨ ।
ਪਟਿਆਲਾ ਦਾ ਘੱਟੋ-ਘੱਟ ਤਾਪਮਾਨ 14 ਅਤੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਰਹਿਣ ਦਰਜ ਕੀਤਾ ਗਿਆ ਹੈ । ਜਦਕਿ ਅੰਮ੍ਰਿਤਸਰ ਵਿੱਚ ਸਵੇਰ ਦਾ ਤਾਪਮਾਨ 13 ਅਤੇ ਦਿਨ ਦਾ ਤਾਪਮਾਨ 28 ਡਿਗਰੀ ਰਿਹਾ । ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 15 ਅਤੇ ਵੱਧ ਤੋਂ ਵੱਧ 31 ਡਿਗਰੀ ਦਰਜ ਕੀਤਾ ਗਿਆ ਹੈ ।
ਉਧਰ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਵੀ ਅੱਜ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਦੀ ਭਵਿੱਖਵਾਣੀ ਹੈ । ਪਿਛਲੇ ਕਾਫੀ ਦਿਨਾਂ ਤੋਂ ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ ਦਾ ਤਾਪਮਾਨ ਤੇਜ਼ੀ ਨਾਲ ਵਧਿਆ ਹੈ । ਗੁਰੂਗਰਾਮ ਵਿੱਚ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ ਹੈ ।ਇਸ ਸੀਜ਼ਨ ਦਾ ਇਹ ਸਭ ਤੋਂ ਜ਼ਿਆਦਾ ਤਾਪਮਾਨ ਹੈ । ਹਰਿਆਣਾ ਦੇ 15 ਜ਼ਿਲ੍ਹਿਆਂ ਵਿੱਚ ਤਾਪਮਾਨ 30 ਡਿਗਰੀ ਪਾਰ ਕਰ ਗਿਆ ਹੈ । ਮੌਸਮ ਵਿਭਾਗ ਮੁਤਾਬਿਕ 16 ਮਾਰਚ ਨੂੰ ਰਾਜਸਤਾਨ ਦੀ ਸਰਹੱਦ ਦੇ ਨਾਲ ਲੱਗੇ ਹਰਿਆਣਾ ਦੇ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਤੂਫਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਹਿਮਾਚਲ ਪ੍ਰਦੇਸ਼ ਵਿੱਚ ਅਗਲੇ 72 ਘੰਟੇ ਮੀਂਹ ਅਤੇ ਬਰਫਬਾਰੀ ਦੀ ਚਿਤਾਵਨੀ ਹੈ । ਮੌਸਮ ਵਿਭਾਗ ਦੇ ਮੁਤਾਬਿਕ ਬੀਤੀ ਰਾਤ ਨੂੰ ਪੱਛਮੀ ਗੜਬੜੀ ਜ਼ਿਆਦਾ ਐਕਟਿਵ ਹੋ ਗਈ । ਸਾਰੇ ਉੱਚੇ ਪਹਾੜਾਂ ਵਿੱਚ 16 ਮਾਰਚ ਤੱਕ ਬਰਫਬਾਰੀ ਹੋਵੇਗੀ ਅਤੇ ਮੈਦਾਨੀ ਤੇ ਹੇਠਲੇ ਇਲਾਕਿਆਂ ਵਿੱਚ ਬਾਰਿਸ਼ ਹੋਵੇਗੀ ।
ਦਿੱਲੀ ਵਿੱਚ ਵੀ ਹੋਲੀ ਵਾਲੇ ਦਿਨ ਮੌਸਮ ਥੋੜ੍ਹਾ ਠੰਡਾ ਹੋ ਗਿਆ ਹੈ ਪਰ ਸਵੇਰ ਦਾ ਤਾਪਮਾਨ ਹੁਣ ਵੀ 17 ਡਿਗਰੀ ਦੇ ਆਲੇ ਦੁਆਲੇ ਦਰਜ ਕੀਤਾ ਗਿਆ ਹੈ ਜਦਕਿ ਦਿਨ ਦਾ ਤਾਪਮਾਨ 31 ਡਿਗਰੀ ਦੇ ਆਲੇ-ਦੁਆਲੇ ਦਰਜ ਕੀਤਾ ਗਿਆ ਹੈ ।