ਜਲੰਧਰ: ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਜਲੰਧਰ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਇੱਥੇ ਜਲੰਧਰ ਪੁਲਿਸ ਨੇ ਸਵੇਰੇ ਤੜਕੇ ਹੀ ਲੋਕਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਜਲੰਧਰ ਪੁਲਿਸ ਨੇ ਕਾਜ਼ੀ ਮੰਡੀ ਇਲਾਕੇ ਨੂੰ ਘੇਰਾ ਪਾਇਆ। ਖ਼ਬਰ ਹੈ ਕਿ ਇਸ ਦੌਰਾਨ ਪੁਲਿਸ ਨੂੰ ਵੱਡੀ ਮਾਤਰਾ ਵਿੱਚ ਹੈਰੋਇਨ ਮਿਲੀ ਹੈ।
ਹਾਸਲ ਜਾਣਕਾਰੀ ਮੁਤਾਬਕ ਪੁਲਿਸ ਕਾਜ਼ੀ ਮੰਡੀ ਇਲਾਕੇ ਵਿੱਚ ਕਈ ਘਰਾਂ ਦੀ ਤਲਾਸ਼ੀ ਲੈ ਰਹੀ ਹੈ। ਪੂਰੇ ਇਲਾਕੇ ਵਿੱਚ ਭਾਰੀ ਮਾਤਰਾ ਵਿੱਚ ਪੁਲਿਸ ਫ਼ੋਰਸ ਤਾਇਨਾਤ ਕੀਤੀ ਗਈ ਹੈ। ਛਾਪੇਮਾਰੀ ਦੌਰਾਨ ਪੁਲਿਸ ਨੂੰ ਵੱਡੀ ਮਾਤਰਾ ਵਿਚ ਹੈਰੋਇਨ ਬਰਾਮਦ ਹੋਈ ਹੈ। ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਵੀ ਖ਼ਬਰ ਮਿਲੀ ਹੈ। ਛਾਪੇਮਾਰੀ ਅਜੇ ਵੀ ਜਾਰੀ ਹੈ।
ਇਸ ਸਬੰਧੀ ADGP ਏ.ਐੱਸ. ਰਾਏ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਦੀ ਟੀਮ ਨੇ ਇੰਟੈਲੀਜੈਂਸ ਲਾਈ ਹੋਈ ਸੀ। ਉਸੇ ਹਿਸਾਬ ਨਾਲ ਪੁਲਿਸ ਵੱਲੋਂ ਛਾਪਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਸਮੇਂ ਬਾਅਦ ਪੁਲਿਸ ਵੱਲੋਂ ਦੱਸਿਆ ਜਾਵੇਗਾ ਕਿ ਇਸ ਕਾਰਵਾਈ ਦੌਰਾਨ ਕਿੰਨਾ ਨਸ਼ਾ ਬਰਾਮਦ ਹੋਇਆ ਹੈ ਤੇ ਕਿੰਨੇ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ।