The Khalas Tv Blog Punjab ਤਖਤ ਦਮਦਮਾ ਸਾਹਿਬ ਤੋਂ ਪੁਲਿਸ ਹੋਏ ਬਾਹਰ ! ਜ਼ਾਬਤੇ ਦੇ ਅੰਦਰ ਰਹੇ ਪੁਲਿਸ ! SGPC ਦੇ ਇਲਜ਼ਾਮ,ਡੀਜੀਪੀ ਦਾ ਜਵਾਬ
Punjab

ਤਖਤ ਦਮਦਮਾ ਸਾਹਿਬ ਤੋਂ ਪੁਲਿਸ ਹੋਏ ਬਾਹਰ ! ਜ਼ਾਬਤੇ ਦੇ ਅੰਦਰ ਰਹੇ ਪੁਲਿਸ ! SGPC ਦੇ ਇਲਜ਼ਾਮ,ਡੀਜੀਪੀ ਦਾ ਜਵਾਬ

ਬਿਊਰੋ ਰਿਪੋਰਟ :   ਵਿਸਾਖੀ ਮੌਕੇ ਤਖਤ ਦਮਦਮਾ ਸਾਹਿਬ,ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਤਖਤ ਕੇਸਗੜ੍ਹ ਸਾਹਿਬ ਵਿੱਚ ਸੁਰੱਖਿਆ ਸਖਤ ਕੀਤੀ ਹੋਈ ਹੈ । ਤਖਤ ਦਮਦਮਾ ਸਾਹਿਬ ਜਿੱਥੇ ਵਿਸਾਖੀ ਦਾ ਮੁਖ ਸਮਾਗਮ ਹੋਵੇਗਾ ਉੱਥੇ ਡੀਜੀਪੀ ਗੌਰਵ ਯਾਦਵ ਆਪ 3 ਦਿਨਾਂ ਦੇ ਅੰਦਰ ਦੂਜਾ ਦੌਰਾ ਕਰ ਚੁੱਕੇ ਹਨ । ਵੀਰਵਾਰ ਨੂੰ ਵੀ ਉਹ ਦਮਦਮਾ ਸਾਹਿਬ ਵਿੱਚ ਹੀ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਦੇ ਪੁੱਖਤਾ ਇੰਤਜ਼ਾਮ ਹਨ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਹੈ । ਡੀਜੀਪੀ ਨੇ ਕਿਹਾ ਵੱਡੀ ਗਿਣਤੀ ਵਿੱਚ ਸੰਗਤ ਵਿਸਾਖੀ ਮੌਕੇ ਆਉਂਦੀ ਹੈ ਉਨ੍ਹਾਂ ਦੀ ਸੁਰੱਖਿਆ ਦੇ ਲਈ ਪੁੱਖਤਾ ਇੰਤਜ਼ਾਮ ਕੀਤੇ ਗਏ ਹਨ । ਪਰ SGPC ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਪ੍ਰਸ਼ਾਸਨ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾ ਅੰਦਰ ਬੇਲੋੜੇ ਦਖਲ ਬੰਦ ਕਰਨ ਅਤੇ ਆਪਣੇ ਜਾਬਤੇ ਅੰਦਰ ਰਹਿਣ ਨੂੰ ਕਿਹਾ ਹੈ ।

SGPC ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਜਦੋਂ ਸਿੱਖ ਕੌਮ ਖ਼ਾਲਸੇ ਦਾ ਸਾਜਣਾ ਦਿਵਸ ਕੌਮੀ ਰਵਾਇਤਾਂ ਅਨੁਸਾਰ ਮਨਾ ਰਹੀ ਹੈ ਤਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਗੁਰੂ ਘਰਾਂ ਅੰਦਰ ਬੇਲੋੜੀ ਦਖ਼ਲਅੰਦਾਜੀ ਨਾਲ ਸੰਗਤ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਗਤ ’ਤੇ ਪੁਲਿਸ ਪ੍ਰਸਾਸ਼ਨ ਵੱਲੋਂ ਮਨਮਰਜ਼ੀ ਦੀਆਂ ਪਾਬੰਦੀਆਂ ਆਇਦ ਕੀਤੀਆਂ ਜਾ ਰਹੀਆਂ ਹਨ। ਜਿਸ ਬਾਰੇ ਸ਼੍ਰੋਮਣੀ ਕਮੇਟੀ ਪਾਸ ਸੂਚਨਾਵਾਂ ਪ੍ਰਾਪਤ ਹੋ ਰਹੀਆਂ ਹਨ। ਧਾਮੀ ਨੇ ਕਿਹਾ ਕਿ ਸਰਕਾਰ ਦੀ ਇਹ ਕਾਰਵਾਈ ਬੇਹੱਦ ਮਾੜੀ ਹੈ,ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

SGPC ਪ੍ਰਧਾਨ ਨੇ ਕਿਹਾ ਕਿ ਖ਼ਾਲਸਾ ਸਾਜਣਾ ਦਿਵਸ ਸਿੱਖ ਕੌਮ ਲਈ ਬੇਹੱਦ ਮਹੱਤਵਪੂਰਣ ਅਤੇ ਸ਼ਰਧਾ ਭਰਪੂਰ ਹੋਣ ਕਰਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਭਰਵੀਂ ਗਿਣਤੀ ਵਿੱਚ ਸੰਗਤ ਪੁੱਜਦੀ ਹੈ ਪਰੰਤੂ ਪੁਲਿਸ ਦੀ ਬਿਨਾਂ ਵਜ੍ਹਾ ਤਾਇਨਾਤੀ ਕਰਕੇ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੁਲਿਸ ਵਲੋਂ ਜਾਣਬੁੱਝ ਕੇ ਸਿੱਖ ਸੰਗਤ ਅੰਦਰ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬਾਨ ਅੰਦਰ ਪੁਲਿਸ ਕਰਮੀ ਪ੍ਰਬੰਧਕਾਂ ਨੂੰ ਵੀ ਆਪਣੀ ਇੱਛਾ ਅਨੁਸਾਰ ਚੱਲਣ ਲਈ ਦਬਾਅ ਪਾ ਰਹੇ ਹਨ। ਇਹ ਬਰਦਾਸ਼ਤ ਤੋਂ ਬਾਹਰ ਦੀ ਕਾਰਵਾਈ ਹੈ ਅਤੇ ਪੁਲਿਸ ਵੱਲੋਂ ਮਰਯਾਦਾ ਨੂੰ ਵੀ ਸਿੱਧੀ ਚੁਣੌਤੀ ਵਾਂਗ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੋਂ ਇਹ ਰਿਪੋਰਟਾਂ ਵੀ ਮਿਲ ਰਹੀਆਂ ਹਨ ਕਿ ਗੁਰੂ ਘਰਾਂ ਅੰਦਰ ਸਿਵਲ ਪਹਿਰਾਵੇ ਵਿੱਚ ਮੌਜੂਦ ਪੁਲਿਸ ਬੇਪਛਾਣ ਹੋ ਕੇ ਸੰਗਤ ਉੱਤੇ ਨਿਗਾਹ ਰੱਖਦਿਆਂ ਪਰੇਸ਼ਾਨ ਕਰ ਰਹੀ ਹੈ, ਜਿਸ ਦੇ ਸੰਗਤ ਵੱਲੋਂ ਭਾਰੀ ਇਤਰਾਜ਼ ਜਤਾਏ ਜਾ ਰਹੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਇਨ੍ਹਾਂ ਕਾਰਵਾਈਆਂ ਲਈ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਸਿੱਧੀ ਸਵਾਲਾਂ ਦੇ ਘੇਰੇ ਵਿੱਚ ਹੈ, ਜਿਸ ਤੋਂ ਉਹ ਬਰੀ ਨਹੀਂ ਹੋ ਸਕਦੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਤੁਰੰਤ ਗੁਰੂ ਘਰਾਂ ਤੋਂ ਪੁਲਿਸ ਨੂੰ ਬਾਹਰ ਕਰੇ। ਉਨ੍ਹਾਂ ਸੰਗਤ ਨੂੰ ਵੀ ਅਪੀਲ ਕੀਤੀ ਕਿ ਉਹ ਪੁਲਿਸ ਵਲੋਂ ਪੈਦਾ ਕੀਤੇ ਜਾ ਰਹੇ ਭੈ ਨੂੰ ਨਕਾਰ ਕੇ ਗੁਰੂ ਘਰ ਸ਼ਰਧਾ ਪਰਗਟਾਉਣ ਲਈ ਪੁੱਜੇ। ਉਨ੍ਹਾਂ ਕਿਹਾ ਕਿ ਜੇ ਕਿਤੇ ਸਰਕਾਰ ਜਾਂ ਪੁਲਿਸ ਪ੍ਰਸਾਸ਼ਨ ਸੰਗਤ ਨੂੰ ਤੰਗ-ਪਰੇਸ਼ਾਨ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਸਥਾਨਕ ਅਤੇ ਸਬੰਧਤ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਦਿੱਤੀ ਜਾਵੇ।

 

Exit mobile version