The Khalas Tv Blog Punjab ਪੁਲਿਸ ਨੇ ਖੁਫੀਆ ਵਿੰਗ ‘ਤੇ ਹਮਲੇ ਦੀ ਤੋਹਮਤ ਬੱਬਰ ਖਾਲਸਾ ਅਤੇ ਗੈਂਗਸਟਰਾਂ ਸਿਰ ਮੜੀ
Punjab

ਪੁਲਿਸ ਨੇ ਖੁਫੀਆ ਵਿੰਗ ‘ਤੇ ਹਮਲੇ ਦੀ ਤੋਹਮਤ ਬੱਬਰ ਖਾਲਸਾ ਅਤੇ ਗੈਂਗਸਟਰਾਂ ਸਿਰ ਮੜੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪੁਲਿਸ ਨੇ ਖੁਫੀਆ ਵਿੰਗ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਉੱਤੇ ਹੋਏ ਹਮਲੇ ਨੂੰ ਖਾੜਕੂਆਂ ਅਤੇ ਗੈਂਗਸਟਰਾਂ ਦੀ ਸਾਂਝੀ ਕਾਰਵਾਈ ਦੱਸਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਬੱਬਰ ਖ਼ਾਲਸਾ ਇੰਨੈਸ਼ਨਲ ਨੇ ਗੈਂਗਸਟਰਾਂ ਨਾਲ ਮਿਲ ਕੇ ਹਮਲਾ ਕੀਤਾ ਹੈ। ਹਮਲਾਵਰਾਂ ਵਿੱਚੋਂ ਛੇ ਜਣੇ ਗ੍ਰਿਫਤਾਰ ਕੀਤੇ ਗਏ ਹਨ ਅਤੇ ਤਿੰਨ ਹੋਰਾਂ ਦੀ ਭਾਲ ਜਾਰੀ ਹੈ। ਪੰਜਾਬ ਪੁਲਿਸ ਦੇ ਮੁਖੀ ਵੀ.ਕੇ.ਭੰਵਰਾ ਨੇ ਅੱਜ ਪੁਲਿਸ ਹੈਡਕੁਆਰਟਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਡਿਫੈਂਸ ਅਤੇ ਪੁਲਿਸ ਖਾੜਕੂਆਂ ਦੇ ਨਿਸ਼ਾਨੇ ਉੱਤੇ ਹੈ।

ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਖੁਫੀਆ ਵਿੰਗ ਦੀ ਬਿਲਡਿੰਗ ਉੱਤੇ ਆਰਪੀਜੀ ਦਾਗਣ ਵੇਲੇ ਤਿੰਨ ਮੁਲਜ਼ਮਾਂ ਵੱਲੋਂ ਸਾਂਝੇ ਤੌਰ ਉੱਤੇ ਕਾਰਵਾਈ ਕੀਤੀ ਗਈ। ਨੌਂ ਮਈ ਨੂੰ ਹਮਲੇ ਤੋਂ ਪਹਿਲਾਂ ਵਿੰਗ ਦੀ ਬਿਲਡਿੰਗ ਦੇ ਆਲੇ ਦੁਆਲੇ ਰੇਕਿੰਗ ਕੀਤੀ ਗਈ ਅਤੇ ਹਮਲੇ ਦਾ ਸਮਾਂ ਉਹ ਚੁਣਿਆ ਗਿਆ ਜਦੋਂ ਬਿਲਡਿੰਗ ਵਿੱਚੋਂ ਅਫ਼ਸਰ ਡਿਊਟੀ ਪੂਰੀ ਕਰਕੇ ਜਾ ਚੁੱਕੇ ਸਨ। ਬਿਲਡਿੰਗ ਉੱਤੇ ਹਮਲਾ ਕਰਨ ਤੋਂ ਪਹਿਲਾਂ ਸੱਤ ਮਈ ਤੱਕ ਹਮਲਾਵਰ ਤਰਨ ਤਾਰਨ ਜ਼ਿਲ੍ਹੇ ਵਿੱਚ ਲੁਕੇ ਰਹੇ। ਪੁਲਿਸ ਮੁਖੀ ਮੁਤਾਬਕ ਹੁਣ ਤੱਕ ਮੁਖ ਸਾਜਿਸ਼ਕਾਰ ਨਿਸ਼ਾਨ ਸਿੰਘ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਕਿਉਂਕਿ ਉਹ ਪਹਿਲਾਂ ਹੀ ਫਰੀਦਕੋਟ ਪੁਲਿਸ ਦੀ ਹਿਰਾਸਤ ਵਿੱਚ ਹੈ। ਦੂਜੇ ਮੁਲਜ਼ਮਾਂ ਵਿੱਚੋਂ ਕੰਵਰ ਬਾਠ, ਬਲਜੀਤ ਕੌਰ, ਬਲਵਿੰਦਰ ਰੈਂਬੋ, ਸੋਨੂੰ ਅਤੇ ਜਗਦੀਪ ਕੰਗ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਸਾਜਿਸ਼ਘਾੜੇ ਨਿਸ਼ਾਨ ਸਿੰਘ ਦੀ ਗ੍ਰਿਫਤਾਰੀ ਇਸ ਕੇਸ ਵਿੱਚ ਬਾਅਦ ਵਿੱਚ ਪਾਈ ਜਾਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਮਲੇ ਵਿੱਚ ਸ਼ਾਮਿਲ ਤਿੰਨ ਹੋਰ ਚੜਤ ਸਿੰਘ, ਮੁਹੰਮਦ ਨਸੀਮ ਆਲਮ ਅਤੇ ਮੁਹੰਮਦ ਸ਼ਰਫ ਅਲੀ ਦੀ ਭਾਲ ਕੀਤੀ ਜਾ ਰਹੀ ਹੈ।

ਨਿਸ਼ਾਨ ਸਿੰਘ ਦੇ ਰਿਸ਼ਤੇਦਾਰ ਸੋਨੂੰ ਅਤੇ ਇੱਕ ਹੋਰ ਜਗਦੀਪ ਸਿੰਘ ਨੇ ਸੱਤ ਮਈ ਤੋਂ ਬਾਅਦ ਹਮਲਾਵਰਾਂ ਨੂੰ ਆਪਣੇ ਘਰ ਸ਼ਰਨ ਦਿੱਤੀ ਸੀ। ਉਹ ਵੇਵਸਟੇਟ ਦੇ ਰਹਿਣ ਵਾਲੇ ਹਨ। ਖੁਫੀਆ ਵਿੰਗ ਦੀ ਬਿਲਡਿੰਗ ਉੱਤੇ  ਆਰਪੀਜੀ ਦਾਗਣ ਵੇਲੇ ਇਹ ਦੋਵੇਂ ਮੌਜੂਦ ਰਹੇ। ਪੁਲਿਸ ਮੁਖੀ ਦਾ ਕਹਿਣਾ ਸੀ ਕਿ ਪਾਕਿਸਤਾਨ ਬੈਠੇ ਵਿਧਾਵਾ ਸਿੰਘ ਦੀ ਹਮਲਾਵਰਾਂ ਨੂੰ ਸਰਪ੍ਰਸਤੀ ਹਾਸਿਲ ਹੈ। ਪੁਲਿਸ ਮੁਖੀ ਅਨੁਸਾਰ ਨਿਸ਼ਾਨ ਸਿੰਘ ਦੇ ਗਰਾਈਂ ਕੰਵਰ ਬਾਠ ਅਤੇ ਬਲਜੀਤ ਕੌਰ ਨੇ ਹਮਲਾਵਰਾਂ ਨੂੰ ਸੱਤ ਮਈ ਤੱਕ ਆਪਣੇ ਘਰ ਠਹਿਰਾਇਆ ਸੀ। ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਦੱਸਿਆ ਕਿ ਆਰਪੀਜੀ ਪਾਕਿਸਤਾਨ ਤੋਂ ਇੱਧਰ ਪਹੁੰਚਾਈ ਗਈ ਲੱਗਦੀ ਹੈ ਅਤੇ ਇਹ ਰੂਸ ਜਾਂ ਬੈਲਜੀਅਮ ਵਿੱਚ ਬਣਾਈ ਗਈ ਸੀ। ਮੁਲਜ਼ਮ ਲਖਵੀਰ ਲਾਂਡਾ ਵੱਲੋਂ ਲੋਕੇਸ਼ਨ ਦੀ ਜਾਣਕਾਰੀ ਦਿੱਤੀ ਜਾਂਦੀ ਰਹੀ ਸੀ। ਉਨ੍ਹਾਂ ਦਾ ਇਹ ਵੀ ਦੱਸਣਾ ਸੀ ਕਿ ਲਾਂਡਾ 2017 ਤੋਂ ਕੈਨੇਡਾ ਵਿੱਚ  ਰਹਿ ਰਿਹਾ ਹੈ ਪਰ ਉਸ ਵਿਰੁੱਧ ਇੱਧਰ ਕਈ ਪੁਲਿਸ ਕੇਸ ਦਰਜ ਹਨ।

ਪੁਲਿਸ ਮੁਖੀ ਨੇ ਦਾਅਵਾ ਕੀਤਾ ਕਿ ਪਠਾਨਕੋਟ ਮਿਲਟਰੀ ਬੇਸ, ਨਵਾਂਸ਼ਹਿਰ ਸੀਆਈਏ ਸਟਾਫ਼ ਅਤੇ ਰੋਪੜ ਪੁਲਿਸ  ਥਾਣੇ ਨੂੰ ਇਸੇ ਕੜੀ ਤਹਿਤ ਨਿਸ਼ਾਨਾ ਬਣਾਇਆ ਗਿਆ ਹੈ। ਪੁਲਿਸ ਮੁਖੀ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਚੁਣੌਤੀਆਂ ਨਾਲ ਨਜਿੱਠਣ ਦੇ ਸਮਰੱਥ ਵੀ ਹੈ ਅਤੇ ਖਾੜਕੂਆਂ ਜਾਂ ਗੈਂਗਸਟਰਾਂ ਨਾਲ ਸਿੱਝਣ ਦੀ ਜਾਚ ਵੀ ਰੱਖਦੀ ਹੈ। ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਦੇਣ ਤੋਂ ਉਹ ਟਾਲਾ ਵੱਟ ਗਏ। ਉਂਝ ਉਨ੍ਹਾਂ ਨੇ ਖੁਫੀਆ ਵਿੰਗ ਉੱਤੇ ਹਮਲੇ ਨਾਲ ਸਬੰਧਿਤ ਜਾਣਕਾਰੀ ਵੀ ਛਾਨਣਾ ਲਾ ਕੇ ਦਿੱਤੀ। ਬਾਵਜੂਦ ਇਸਦੇ ਕਿ ਪੁਲਿਸ ਵੱਲੋਂ ਅੱਜ ਦੀ ਪ੍ਰੈੱਸ ਕਾਨਫਰੰਸ ਇਸੇ ਭਖਵੇਂ ਮੁੱਦੇ ਨੂੰ ਲੈ ਕੇ ਸੱਦੀ ਗਈ ਸੀ।

Exit mobile version