The Khalas Tv Blog Punjab ਸਿੱਧੂ ਮੂਸੇਵਾਲਾ ਦੀ ਹੱ ਤਿਆ ਦੀ ਵਜ੍ਹਾ ਪੰਜਾਬ ਪੁਲਿਸ ਲਈ ਹਾਲੇ ਵੀ ਇੱਕ ਭੇਦ
Punjab

ਸਿੱਧੂ ਮੂਸੇਵਾਲਾ ਦੀ ਹੱ ਤਿਆ ਦੀ ਵਜ੍ਹਾ ਪੰਜਾਬ ਪੁਲਿਸ ਲਈ ਹਾਲੇ ਵੀ ਇੱਕ ਭੇਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਨੂੰ ਇੱਕ ਮਹੀਨਾ ਹੋਣ ਨੂੰ ਢੁੱਕ ਗਿਆ ਹੈ ਪਰ ਪੰਜਾਬ ਪੁਲਿਸ ਲਈ ਹਾਲੇ ਵੀ ਹੱਤਿਆ ਦੀ ਵਜ੍ਹਾ ਰਾਜ਼ ਬਣੀ ਹੋਈ ਹੈ। ਪੰਜਾਬ ਪੁਲਿਸ ਨੇ ਹੱਤਿਆ ਨਾਲ ਸਬੰਧਿਤ ਲਾਰੈਂਸ ਬਿਸ਼ਨੋਈ ਸਮੇਤ 13 ਗ੍ਰਿਫਤਾਰੀਆਂ ਕੀਤੀਆਂ ਹਨ ਅਤੇ ਇਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਗੱਲ ਸਾਹਮਣੇ ਆਈ ਹੈ, ਉਹ ਇਹ ਹੈ ਕਿ ਸਿੱਧੂ ਮੂਸੇਵਾਲਾ ਨੂੰ ਅਗਸਤ ਤੋਂ ਹੀ ਮਾਰਨ ਦੀ ਸਾਜਿਸ਼ ਰਚੀ ਜਾ ਰਹੀ ਸੀ। ਉਸਦੀ ਤਿੰਨ ਵਾਰ ਰੇਕੀ ਕੀਤੀ ਗਈ ਸੀ। ਪਹਿਲਾਂ ਵੀ ਇੱਕ ਵਾਰ ਉਹਦੇ ਉੱਤੇ ਹਮਲਾ ਕੀਤਾ ਗਿਆ ਪਰ ਸਫ਼ਲ ਨਾ ਹੋ ਸਕੇ। ਇਸ ਵਾਰ ਹਮਲਾਵਰ ਬਲੈਰੋ ਗੱਡੀ ਵਿੱਚ ਹੱਤਿਆ ਤੋਂ ਚਾਰ ਦਿਨ ਪਹਿਲਾਂ ਹੀ ਮਾਨਸਾ ਅਤੇ ਪਿੰਡ ਮੂਸਾ ਦੇ ਆਲੇ ਦੁਆਲੇ ਚੱਕਰ ਕੱਟਣ ਲੱਗ ਪਏ ਸਨ।

Anti-Gangster Task Force ਦੇ ਚੀਫ਼ ਅਤੇ ਪੰਜਾਬ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਪ੍ਰਮੋਦ ਬਾਨ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੂਸੇਵਾਲਾ ਦਾ 29 ਮਈ ਨੂੰ ਕਤਲ ਹੋਣ ਤੋਂ ਬਾਅਦ ਉਸ ਤੋਂ ਅਗਲੇ ਦਿਨ ਹੀ 30 ਤਰੀਕ ਨੂੰ ਪਹਿਲੀ ਗ੍ਰਿਫਤਾਰੀ ਕਰ ਲਈ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਫੜੀ ਗਈ ਕਾਰ ਵਿੱਚੋਂ ਪੈਟਰੋਲ ਸਟੇਸ਼ਨ ਦੀ ਇੱਕ ਪਰਚੀ ਮਿਲੀ ਸੀ ਜਿਸ ਤੋਂ ਕਿ ਜਾਂਚ ਤੁਰਦੀ ਗਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲਾਰੈਂਸ ਬਿਸ਼ਨੋਈ ਪੁੱਛਗਿੱਛ ਦੌਰਾਨ ਸ਼ੁਰੂ ਸ਼ੁਰੂ ਵਿੱਚ ਪੁਲਿਸ ਨੂੰ ਗੁੰਮਰਾਹ ਵੀ ਕਰਦਾ ਰਿਹਾ। ਉਸਨੇ ਕਤਲ ਕੇਸ ਵਿੱਚ ਜਿਹੜੇ ਨਾਂ ਉਗਲੇ ਸਨ, ਉਨ੍ਹਾਂ ਵਿੱਚੋਂ ਦੋ ਤਾਂ ਫਰਜ਼ੀ ਪਾਸਪੋਰਟ ਬਣਾ ਕੇ ਵਿਦੇਸ਼ ਜਾ ਚੁੱਕੇ ਹਨ। ਉਂਝ, ਉਸਨੇ ਮੰਨਿਆ ਕਿ ਉਸਨੇ ਗੋਲਡੀ ਬਰਾੜ ਨੇ ਰਲ ਕੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਹੈ। ਉਸਨੇ ਇਹ ਵੀ ਮੰਨਿਆ ਕਿ ਤਿਹਾੜ ਜੇਲ੍ਹ ਵਿੱਚ ਉਸਦੇ ਕੋਲ ਫੋਨ ਹੈ ਅਤੇ ਉਹ ਪੂਰੀ ਕਾਰਵਾਈ ਦੀ ਨਾਲੋ ਨਾਲ ਜਾਣਕਾਰੀ ਲੈਂਦਾ ਰਿਹਾ। ਪੁਲਿਸ ਨੇ ਅੱਜ ਬਲਦੇਵ ਨਿੱਕੂ ਨਾਂ ਦਾ ਇੱਕ ਹੋਰ ਮੁਲਜ਼ਮ ਵੀ ਗ੍ਰਿਫਤਾਰ ਕੀਤਾ ਹੈ ਜਿਹੜਾ ਰੇਕੀ ਵਿੱਚ ਸ਼ਾਮਿਲ ਸੀ ਅਤੇ ਜਿਸਨੇ ਕਤਲ ਕੇਸ ਦੀ ਯੋਜਨਾ ਲਈ ਗਾਈਡ ਵੀ ਕੀਤਾ ਸੀ। ਮੂਸੇਵਾਲਾ ਦੇ ਕਤਲ ‘ਚ AK ਸੀਰੀਜ਼ ਦੇ ਹਥਿਆਰ ਵਰਤੇ ਗਏ ਸਨ ਅਤੇ ਇਨ੍ਹਾਂ ਹਥਿਆਰਾਂ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇਗੀ। ਪੁਲਿਸ ਮੁਤਾਬਕ ਪ੍ਰਿਅਵਰਤ ਇਸ ਕਤਲਕਾਂਡ ਦਾ ਮੁਖੀ ਸੀ।

ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਪ੍ਰਮੋਦ ਬਾਨ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਪੰਜਾਬ ਪੁਲਿਸ ਨੇ ਹੁਣ ਤੱਕ 147 ਗੈਂਗਸਟਰ ਗ੍ਰਿਫਤਾਰ ਕੀਤੇ ਹਨ ਅਤੇ 130 ਤੋਂ ਵੱਧ ਹਥਿਆਰ ਹੋਰ ਅਸਲਾ ਬਰਾਮਦ ਕੀਤਾ ਗਿਆ ਹੈ। ਪੁਲਿਸ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਲਈ ਇੱਕ ਸਾਲ ਪਹਿਲਾਂ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਇੱਕ ਵਾਰ ਹਮਲਾਵਰ ਐਨ ਮੌਕੇ ਉੱਤੇ ਖੁੰਝ ਗਏ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਗੈਂਗਸਟਰਾਂ ਦਾ ਖਾਤਮਾ ਕਰਨ ਲਈ ਠੋਸ ਯੋਜਨਾ ਬਣਾ ਰਹੀ ਹੈ। ਪੁਲਿਸ ਨੂੰ ਸਾਰੀ ਜਾਣਕਾਰੀ ਮਿਲ ਚੁੱਕੀ ਹੈ ਕਿ ਗੈਂਗਸਟਰਾਂ ਦੀ ਸਰਪ੍ਰਸਤੀ ਕੌਣ ਕਰ ਰਿਹਾ ਹੈ ਅਤੇ ਪੈਸਾ ਕਿੱਥੋਂ ਆ ਰਿਹਾ ਹੈ। ਪੁੱਛ ਗਏ ਬਹੁਤੇ ਸਵਾਲਾਂ ਦੇ ਜਵਾਬ ਉਹ ਹਾਲ ਦੀ ਘੜੀ ਭੇਤ ਨਾ ਖੋਲ੍ਹਣ ਦਾ ਬਹਾਨਾ ਲਾ ਕੇ ਟਾਲਦੇ ਰਹੇ। ਉਂਝ, ਪੁਲਿਸ ਹਾਲੇ ਵੀ ਇਸਨੂੰ ਵਿੱਕੀ ਮਿੱਢੂਖੇੜਾ ਦੇ ਕਤਲ ਦੇ ਬਦਲੇ ਨਾਲ ਜੋੜ ਕੇ ਦੇਖ ਰਹੀ ਹੈ।

Exit mobile version