The Khalas Tv Blog Punjab ਘਰੇਲੂ ਹਿੰਸਾ ਦੇ ਪੀੜਤਾਂ ਦੀ ਪਛਾਣ ਕਰਨ ਅਤੇ ਸਹਾਇਤਾ ਲਈ ‘ਸਾਂਝ ਰਾਹਤ ਪ੍ਰੋਜੈਕਟ’ ਦੀ ਸ਼ੁਰੂਆਤ
Punjab

ਘਰੇਲੂ ਹਿੰਸਾ ਦੇ ਪੀੜਤਾਂ ਦੀ ਪਛਾਣ ਕਰਨ ਅਤੇ ਸਹਾਇਤਾ ਲਈ ‘ਸਾਂਝ ਰਾਹਤ ਪ੍ਰੋਜੈਕਟ’ ਦੀ ਸ਼ੁਰੂਆਤ

ਚੰਡੀਗੜ੍ਹ: ਘਰੇਲੂ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਦੇ ਸਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ, ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਘਰੇਲੂ ਹਿੰਸਾ ਦੇ ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਦੇ ਮੱਦੇਨਜ਼ਰ ‘ਸਾਂਝ ਰਾਹਤ ਪ੍ਰੋਜੈਕਟ’ ਦੀ ਸ਼ੁਰੂਆਤ ਕੀਤੀ। ਇਸ ਪ੍ਰੋਜੈਕਟ ਦਾ ਉਦੇਸ਼ ਘਰੇਲੂ ਹਿੰਸਾ ਦੇ ਪੀੜਤਾਂ ਨੂੰ ਸਸ਼ਕਤ ਕਰਨ ਲਈ ਜ਼ਰੂਰੀ ਮਨੋਵਿਗਿਆਨਕ-ਸਮਾਜਿਕ-ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਅਤੇ ਉਹਨਾਂ ਨੂੰ ਹਿੰਸਾ-ਮੁਕਤ ਜੀਵਨ ਜਿਉਣ ਦੇ ਯੋਗ ਬਣਾਉਣਾ ਹੈ। ਇਹ ਪ੍ਰੋਜੈਕਟ, ਪੀੜਤਾਂ ਨੂੰ ਉਨ੍ਹਾਂ ਦੇ ਆਉਣ ਵਾਲੇ ਜੀਵਨ ਬਾਰੇ ਫੈਸਲਾ ਲੈਣ ਵਿੱਚ ਮਦਦ ਕਰਨ ਲਈ ਲੋੜੀਂਦੇ ਸਰੋਤਾਂ ਅਤੇ ਸੇਵਾਵਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਇਹ ਪ੍ਰੋਜੈਕਟ ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀਏਡੀ) ਅਤੇ ਨਈ ਸ਼ੁਰੂਆਤ, ਜੋ ਕਿ ਔਰਤਾਂ ਦੇ ਸਸ਼ਕਤੀਕਰਨ ’ਤੇ ਕੇਂਦਰਿਤ ਇੱਕ ਇੰਦੌਰ-ਅਧਾਰਤ ਐਨ.ਜੀ.ਓ. ਹੈ, ਦੇ ਵਿਚਕਾਰ ਇੱਕ ਸਾਂਝੀ ਪਹਿਲਕਦਮੀ ਹੈ, ਜਿਸ ਦੇ ਮੁੱਖ ਭਾਈਵਾਲਾਂ ਵਿੱਚ ਸਿਹਤ ਵਿਭਾਗ, ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ, ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਾਮਲ ਹਨ।

ਡੀਜੀਪੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਆਫੀਸਰਜ਼ ਇੰਸਟੀਚਿਊਟ ਤੋਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਦੇ ਹੋਏ ਦੱਸਿਆ ਕਿ ਸ਼ੁਰੂਆਤੀ ਤੌਰ ’ਤੇ ਇਸ ਪ੍ਰੋਜੈਕਟ ਨੂੰ ਸਿਵਲ ਹਸਪਤਾਲ, ਐਸ.ਏ.ਐਸ.ਨਗਰ ਵਿੱਚ ਇੱਕ ਪਾਇਲਟ ਪ੍ਰੋਗਰਾਮ ਵਜੋਂ ਸ਼ੁਰੂ ਕੀਤਾ ਗਿਆ ਹੈ ਅਤੇ ਫਿਰ ਇਸ ਦਾ ਸੂਬੇ ਭਰ ’ਚ ਵਿਸਥਾਰ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ‘ਸਾਂਝ ਰਾਹਤ’ ਪਹਿਲਕਦਮੀ ਔਰਤਾਂ ਨੂੰ ਹਿੰਸਾ ਰਹਿਤ ਜੀਵਨ ਲਈ ਢੁਕਵੇਂ ਤੇ ਸੂਝਵਾਨ ਫੈਸਲੇ ਲੈਣ ਲਈ ਸ਼ਕਤੀ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਘਰੇਲੂ ਹਿੰਸਾ ਦੇ ਪੀੜਤਾਂ ਦੀ ਪਛਾਣ ਕਰਨ ਅਤੇ ਸਹਾਇਤਾ ਕਰਨ ਲਈ ਸਿਵਲ ਹਸਪਤਾਲ, ਮੋਹਾਲੀ ਵਿਖੇ ਦੋ ਸਮਰਪਿਤ ਕਾਊਂਸਲਰ ਤਾਇਨਾਤ ਕੀਤੇ ਗਏ ਹਨ, ਜਿਸ ਨਾਲ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਲਈ ਸਹਾਇਤਾ ਸੇਵਾਵਾਂ ਵਿੱਚ ਮੌਜੂਦਾ ਘਾਟ ਨੂੰ ਪੂਰਾ ਕੀਤਾ ਜਾਵੇਗਾ ।

ਜ਼ਿਕਰਯੋਗ ਹੈ ਕਿ ਇਸ ਪ੍ਰਾਜੈਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ, ਪੰਜਾਬ ਪੁਲਿਸ ਨੇ 25 ਅਪ੍ਰੈਲ, 2024 ਨੂੰ ‘ਨਈ ਸ਼ੁਰੂਆਤ’ ਨਾਲ ਸਮਝੌਤਾ ਸਹੀਬੱਧ ਕੀਤਾ ਸੀ। ਮਹਿਲਾ ਪੁਲਿਸ ਅਫਸਰਾਂ ਅਤੇ ਸਟੇਸ਼ਨ ਹਾਊਸ ਅਫਸਰਾਂ (ਐਸਐਚਓਜ਼) ਲਈ ਜਾਗਰੂਕਤਾ ਸਿਖਲਾਈ ਸੈਸ਼ਨ ਵੀ ਕਰਵਾਏ ਜਾ ਰਹੇ ਹਨ।

ਦੱਸਣਯੋਗ ਹੈ ਕਿ ਅੱਜ ਐਸ.ਏ.ਐਸ.ਨਗਰ ਦੀ ਮਹਿਲਾ ਪੁਲਿਸ ਅਤੇ ਜ਼ਿਲੇ ਦੇ 10 ਐਸ.ਐਚ.ਓਜ਼ ਲਈ ਸਮੇਤ ਇੱਕ ਰੋਜ਼ਾ ਜਾਗਰੂਕਤਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ, ਜਦਕਿ ਭਲਕੇ ਸ਼ੁੱਕਰਵਾਰ ਨੂੰ ਰੂਪਨਗਰ ਅਤੇ ਫਤਿਹਗੜ੍ਹ ਸਾਹਿਬ ਜ਼ਿਲੇ ਦੇ ਮਹਿਲਾ ਪੁਲਿਸ ਅਧਿਕਾਰੀਆਂ ਅਤੇ ਐਸ.ਐਚ.ਓਜ਼ ਲਈ ਤਕਨੀਕੀ ਸੈਸ਼ਨ ਕਰਵਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਸਿਵਲ ਹਸਪਤਾਲ ਐਸ.ਏ.ਐਸ.ਨਗਰ ਵਿਖੇ ਸਾਂਝ ਰਾਹਤ ਰਿਸੋਰਸ ਸੈਂਟਰ ਦੇ ਤਾਲਮੇਲ ਨਾਲ ਕੰਮ ਕੀਤਾ ਜਾਵੇਗਾ ਤਾਂ ਜੋ ਲੋੜ ਪੈਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

Exit mobile version