ਬਿਉਰੋ ਰਿਪੋਰਟ: ਇਨਫੋਰਸਮੈਂਟ ਡਾਇਰੈਕਟਰੇਟ (ED) ਡਰੱਗ ਤਸਕਰਾਂ ਨੂੰ ਧਮਕਾ ਕੇ ਪੈਸੇ ਕਮਾਉਣ ਵਾਲੇ ਪੰਜਾਬ ਪੁਲਿਸ ਦੇ ਇੰਸਪੈਕਟਰ ਰਹੇ ਇੰਦਰਜੀਤ ਸਿੰਘ (Punjab Police Inspector Inderjeet Singh) ਨੂੰ ਮਨੀ ਲਾਂਡਰਿੰਗ (Money Laundering) ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਇੰਦਰਜੀਤ ਸਿੰਘ ਦੀ ਗ੍ਰਿਫ਼ਤਾਰੀ 24 ਤਰੀਕ ਨੂੰ ਹੋਈ ਸੀ ਪਰ ਈਡੀ ਵੱਲੋਂ ਇਹ ਜਾਣਕਾਰੀ ਹੁਣ ਸਾਂਝੀ ਕੀਤੀ ਗਈ ਹੈ।
ਸਪੈਸ਼ਲ PMLA ਮੁਹਾਲੀ ਅਦਾਲਤ ਨੇ ਉਸੇ ਦਿਨ ਬਰਖ਼ਾਸਤ ਇੰਦਰਜੀਤ ਸਿੰਘ ਨੂੰ 14 ਦਿਨ ਦੇ ਜੁਡੀਸ਼ਲ ਕਸਟਡੀ ਵਿੱਚ ਭੇਜ ਦਿੱਤਾ ਸੀ। ਈਡੀ ਵੱਲੋਂ ਇਹ ਕਾਰਵਾਈ ਇੰਦਰਜੀਤ ਖਿਲਾਫ਼ ਪੰਜਾਬ ਪੁਲਿਸ ਵੱਲੋਂ NDPS ਦੇ ਵੱਖ-ਵੱਖ ਮਾਮਲਿਆਂ ਵਿੱਚ ਕੀਤੀ ਗਈ ਜਾਂਚ ਤੋਂ ਬਾਅਦ ਕੀਤੀ ਗਈ ਹੈ। ਇੰਦਰਜੀਤ ਸਿੰਘ CIA ਜਲੰਧਰ ਅਤੇ ਕਪੂਰਥਲਾ ਵਿੱਚ ਲੰਮੇ ਸਮੇਂ ਤੱਕ ਰਿਹਾ ਸੀ। 2017 ਵਿੱਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਵੇਲੇ ਘਰ ਤੋਂ 4 ਕਿਲੋਗਰਾਮ ਹੈਰੋਇਨ ਅਤੇ AK-47 ਵੀ ਬਰਾਮਦ ਹੋਈ ਸੀ।
ਈਡੀ ਦੀ ਜਾਂਚ ਵਿੱਚ ਹੁਣ ਤੱਕ ਸਾਹਮਣੇ ਆਇਆ ਹੈ ਇੰਦਰਜੀਤ ਸਿੰਘ ਸਮੱਗਲਿੰਗ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ ਹੈ। ਉਸ ਨੇ ਕਈ ਲੋਕਾਂ ਨੂੰ ਡਰੱਗ ਦੇ ਮਾਮਲੇ ਵਿੱਚ ਗ੍ਰਿਫਤਾਰੀ ਕੀਤਾ ਪਰ ਫਿਰ ਰਿਸ਼ਵਤ ਲੈਕੇ ਉਨ੍ਹਾਂ ਨੂੰ ਬੇਲ ਦਿਵਾ ਦਿੱਤੀ। ਸਿਰਫ ਏਨਾ ਹੀ ਨਹੀਂ, ਇੰਦਰਜੀਤ ’ਤੇ ਇਹ ਵੀ ਇਲਜ਼ਾਮ ਹੈ ਕਿ ਉਸ ਨੇ ਸਮੱਗਲਰਾਂ ਦੇ ਪਰਿਵਾਰ ਨੂੰ ਧਮਕੀ ਦੇ ਕੇ ਪੈਸੇ ਦੀ ਉਗਰਾਹੀ ਕੀਤੀ ਸੀ।
ਇੰਦਰਜੀਤ ਸਿੰਘ ਨੇ ਗੁਰਜੀਤ ਸਿੰਘ ਨਾਂ ਦੇ ਤਸਕਰ ਨੂੰ 13 ਕਿਲੋ ਹੈਰੋਈਨ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ 60 ਲੱਖ ਅਤੇ 19 ਤੋਂ 20 ਕਿਲੋ ਸੋਨਾ ਵੀ ਜ਼ਬਤ ਕੀਤਾ ਸੀ। ਪਰ ਇੰਦਰਜੀਤ ਨੇ ਸਿਰਫ਼ 36 ਲੱਖ ਵਿਖਾਏ ਅਤੇ 24 ਲੱਖ ਦਾ ਸੋਨਾ ਆਪਣੇ ਕੋਲ ਰੱਖ ਲਿਆ।
ਸਿਰਫ ਇੰਨਾਂ ਹੀ ਨਹੀਂ ਇੰਦਰਜੀਤ ’ਤੇ ਇਲਜ਼ਾਮ ਹੈ ਕਿ ਉਸ ਨੇ ਗੁਰਜੀਤ ਸਿੰਘ ਨੂੰ ਆਪਣਾ ਘਰ ਵੀ ਉਸ ਦੇ ਨਾਂ ਕਰਨ ਦਾ ਦਬਾਅ ਪਾਇਆ ਸੀ ਨਹੀਂ ਤਾਂ ਪਿਤਾ ਅਤੇ ਪਤਨੀ ਨੂੰ ਵੀ ਡਰੱਗ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਅੰਮ੍ਰਿਤਸਰ ਦੇ ਛੇਹਰਟਾ ਦਾ ਮਕਾਨ ਆਪਣੇ ਨਾਂ ਕਰਵਾਇਆ ਸੀ। ਈਡੀ ਨੇ ਇਸ ਘਰ ਅਤੇ ਇੰਦਰਜੀਤ ਦੀ 32 ਲੱਖ ਦੀ FD ਨੂੰ ਅਟੈਚ ਕਰ ਲਿਆ ਹੈ।