ਫ਼ਿਰੋਜ਼ਪੁਰ : 2 ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਟੋਲ ਬੰਦ ਕਰਵਾਉਣ ਦੇ ਲਈ ਪਹੁੰਚੇ ਸਨ ਤਾਂ ਉਨ੍ਹਾਂ ਨੇ ਦਾਅਵਾ ਕੀਤਾ ਸੀ ਨਸ਼ੇ ਨੂੰ ਜੜ ਤੋਂ ਖ਼ਤਮ ਕਰ ਦਿੱਤਾ ਜਾਵੇਗਾ, ਇਸ ਦੇ ਲਈ ਸਰਕਾਰ ਨੇ ਪੂਰਾ ਪਲਾਨ ਬਣਾ ਲਿਆ ਹੈ। ਹੁਣ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦਾ ਵੀਡੀਓ ਸਾਹਮਣੇ ਆਇਆ ਹੈ ਕਥਿਤ ਤੌਰ ਉੱਤੇ ਨਸ਼ਾ ਲੈ ਰਿਹਾ ਹੈ। ਪੰਜਾਬ ਪੁਲਿਸ ਦੇ ਜਿੰਨਾ ਮੋਢਿਆਂ ‘ਤੇ ਨਸ਼ੇ ਖ਼ਿਲਾਫ਼ ਜੰਗ ਛੇੜਨ ਦੀ ਜ਼ਿੰਮੇਵਾਰੀ ਹੈ, ਉਹ ਹੀ ‘ਨਸ਼ੇ’ ਵਿੱਚ ਗ੍ਰਸਤ ਜਾਪ ਰਹੇ ਹਨ । ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਵੀਡੀਓ ਪੰਜਾਬ ਦੇ ਇੱਕ ਕਾਂਸਟੇਬਲ ਦਾ ਦੱਸਿਆ ਜਾ ਰਿਹਾ ਹੈ ਜੋ ਵਰਦੀ ਵਿੱਚ ਕਥਿਤ ਤੋਰ ਉੱਤੇ ਚਿੱਟਾ ਲੈ ਰਿਹਾ ਹੈ ਅਤੇ ਸਿਲਵਰ ਪੇਪਰ ਵਿੱਚ ਰੱਖ ਕੇ ਸੇਵਨ ਕਰ ਰਿਹਾ ਹੈ ।
ਇਹ ਵੀਡੀਓ ਨਵਾਂ ਹੈ ਜਾਂ ਫਿਰ ਪੁਰਾਣਾ ਅਸੀਂ ਇਸ ਦੀ ਪੁਸ਼ਟੀ ਨਹੀਂ ਕਰ ਸਕਦੇ ਹਾਂ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। SP ਇਨਵੈਟੀਗੇਸ਼ਨ ਰਣਧੀਰ ਕੁਮਾਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਪਤਾ ਚੱਲਿਆ ਹੈ ਕਿ ਸ਼ਾਇਦ ਇਹ ਵੀਡੀਓ ਪੁਰਾਣਾ ਹੋ ਸਕਦਾ ਹੈ,ਪਰ ਫਿਰ ਵੀ SSP ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਇਸ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਦੱਸਿਆ ਜਿਹੜਾ ਵਿਅਕਤੀ ਵੀਡੀਓ ਵਿੱਚ ਨਸ਼ਾ ਲੈ ਰਿਹਾ ਹੈ ਉਸ ਦੀ ਪਛਾਣ ਹੋ ਗਈ ਹੈ।
ਕਾਂਸਟੇਬਲ ਲਾਈਨ ਹਾਜ਼ਰ,ਹੋਵੇਗਾ ਡੋਪ ਟੈੱਸਟ
ਫ਼ਿਰੋਜ਼ਪੁਰ ਦੇ SP ਇਨਵੈਸਟੀਗੇਸ਼ਨ ਰਣਧੀਰ ਨੇ ਕਿਹਾ ਕਿ ਵੀਡੀਓ ਵਿੱਚ ਵਾਇਰਲ ਕਾਂਸਟੇਬਲ ਮੱਖੂ ਥਾਣੇ ਵਿੱਚ ਤਾਇਨਾਤ ਸੀ । ਉਸ ਨੂੰ ਫ਼ੌਰਨ ਸਸਪੈਂਡ ਕਰਕੇ ਲਾਈਨ ਹਾਜ਼ਰ ਕੀਤਾ ਗਿਆ ਹੈ ਨਾਲ ਹੀ ਵਿਭਾਗੀ ਜਾਂਚ ਦੇ ਨਿਰਦੇਸ਼ ਵੀ ਦਿੱਤੇ ਗਏ ਹਨ । ਉਨ੍ਹਾਂ ਨੇ ਕਿਹਾ ਹੈ ਕਿ ਕਾਂਸਟੇਬਲ ਦਾ ਡੋਪ ਟੈੱਸਟ ਜਲਦ ਕੀਤਾ ਜਾਵੇਗਾ। ਉਸ ਨਾਲ ਸਾਬਤ ਹੁੰਦਾ ਹੈ ਕਿ ਉਹ ਨਸ਼ੇ ਦਾ ਆਦੀ ਹੈ ਜਾਂ ਨਹੀਂ। ਕਾਂਸਟੇਬਲ ਦੇ ਡੋਪ ਟੈੱਸਟ ਤੋਂ ਪਹਿਲਾਂ ਉਸ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਕਾਂਸਟੇਬਲ ਦਾ ਕਹਿਣਾ ਹੈ ਕਿ ਉਹ ਨਸ਼ਾ ਕਰਦਾ ਸੀ ਅਤੇ ਹੁਣ ਨਸ਼ਾ ਛੱਡਣ ਦੇ ਲਈ ਨਸ਼ਾ ਛਡਾਊ ਕੇਂਦਰ ਵੀ ਜਾ ਰਿਹਾ ਹੈ।