‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਪੰਜਾਬ ਭਰ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਦੀ ਪ੍ਰੀਖਿਆ ਹੋਈ। ਬਹੁਤ ਵੱਡੀ ਗਿਣਤੀ ਵਿੱਚ ਉਮੀਦਵਾਰ ਪੇਪਰ ਦੇਣ ਲਈ ਗਏ। ਤੁਹਾਨੂੰ ਦੱਸ ਦਈਏ ਕਿ ਕਾਂਸਟੇਬਲ ਪੇਪਰ ਲਈ 4 ਹਜ਼ਾਰ 358 ਅਸਾਮੀਆਂ ਨਿਕਲੀਆਂ ਸਨ ਅਤੇ ਇੰਨੀਆਂ ਅਸਾਮੀਆਂ ਲਈ ਲੱਗਦਾ ਸੀ ਕਿ ਜਿਵੇਂ ਪੂਰੇ ਪੰਜਾਬ ਦੇ ਨੌਜਵਾਨਾਂ ਦਾ ਪੇਪਰ ਦੇਣ ਲਈ ਹੜ੍ਹ ਆ ਗਿਆ। ਪੁਲਿਸ ਵੱਲੋਂ ਬੇੱਸ਼ਕ ਪ੍ਰੀਖਿਆ ਕੇਂਦਰਾਂ ‘ਤੇ ਪ੍ਰਬੰਧ ਕੀਤੇ ਗਏ ਸਨ ਪਰ ਸੜਕਾਂ ਉੱਤੇ ਟ੍ਰੈਫਿਕ ਬਹੁਤ ਜ਼ਿਆਦਾ ਦਿਖਾਈ ਦਿੱਤਾ।
ਸ਼ਨੀਵਾਰ ਨੂੰ ਜ਼ਿਆਦਾਤਾਰ ਸੜਕਾਂ ‘ਤੇ ਆਵਾਜਾਈ ਘੱਟ ਹੀ ਵੇਖਣ ਨੂੰ ਮਿਲਦੀ ਹੈ ਕਿਉਂਕਿ ਇਸ ਦਿਨ ਵਿੱਦਿਅਕ ਅਦਾਰੇ ਜਾਂ ਵਪਾਰਕ ਅਦਾਰੇ ਘੱਟ ਹੀ ਖੁੱਲ੍ਹਦੇ ਹਨ ਅਤੇ ਜ਼ਿਆਦਾਤਾਰ ਲੋਕਾਂ ਨੂੰ ਛੁੱਟੀ ਹੁੰਦੀ ਹੈ ਪਰ ਅੱਜ ਬੱਸਾਂ ਨੱਕੋ-ਨੱਕ ਭਰੀਆਂ ਜਾ ਰਹੀਆਂ ਸਨ। ਅੱਜ ਤਾਂ ਬੱਸਾਂ ਦਾ ਇਹ ਹਾਲ ਸੀ ਕਿ ਬੱਸ ਦੇ ਅੰਦਰ ਅਤੇ ਉੱਪਰ ਛੱਤ ‘ਤੇ ਨੌਜਵਾਨ ਬੈਠੇ ਦਿਖਾਈ ਦੇ ਰਹੇ ਸਨ। ਇਸ ਸਫਰ ਵਿੱਚ ਇੰਨਾ ਜ਼ੋਖਮ ਦਿਸਿਆ ਕਿ ਬੱਸ ਕੰਡਕਟਰ ਨੂੰ ਟਿਕਟ ਕੱਟਣ ਲਈ ਚੱਲਦੀ ਬੱਸ ਵਿੱਚ ਕਦੇ ਉੱਪਰ ਛੱਤ ‘ਤੇ ਜਾਣਾ ਪੈਂਦਾ ਸੀ ਅਤੇ ਮੁੜ ਫਿਰ ਥੱਲੇ ਬੱਸ ਵਿੱਚ ਆਉਣਾ ਪੈਂਦਾ ਸੀ। ਇਸ ਦੌਰਾਨ ਕਿਸੇ ਦੁਰਘਟਨਾ ਦਾ ਪੂਰਾ ਖਤਰਾ ਬਣਿਆ ਹੋਇਆ ਸੀ। ਬੱਸ ਦੀਆਂ ਤਾਕੀਆਂ (ਖਿੜਕੀ) ਤੱਕ ਸਵਾਰੀਆਂ ਭਰੀਆਂ ਪਈਆਂ ਸਨ।
ਕਈ ਨੌਜਵਾਨਾਂ ਨੇ ਦੱਸਿਆ ਕਿ ਟਰਾਂਸਪੋਰਟ ਵੱਲੋਂ ਵਿਦਿਆਰਥੀਆਂ / ਉਮੀਦਵਾਰਾਂ ਦੇ ਲਈ ਬੱਸਾਂ ਦਾ ਕੋਈ ਖ਼ਾਸ ਪ੍ਰਬੰਧ ਨਹੀਂ ਕੀਤਾ ਗਿਆ। ਕੁੱਝ ਵਿਦਿਆਰਥੀਆਂ ਨੇ ਦੱਸਿਆ ਕਿ ਜੇਕਰ ਉਹ ਆਪਣੇ ਵਾਹਨਾਂ ਉੱਤੇ ਪੇਪਰ ਦੇਣ ਨਾ ਆਉਂਦੇ ਤਾਂ ਸ਼ਾਇਦ ਉਹ ਪੇਪਰ ਦੇਣ ਤੋਂ ਵਾਂਝੇ ਰਹਿ ਜਾਂਦੇ ਕਿਉਂਕਿ ਬੱਸ ਇੱਕ ਅੱਡੇ ਤੋਂ ਹੀ ਇੰਨੀ ਭਰ ਜਾਂਦੀ ਸੀ ਕਿ ਦੂਸਰੇ ਅੱਡੇ ‘ਤੇ ਖੜ੍ਹਨ ਲਈ ਥਾਂ ਹੀ ਨਹੀਂ ਮਿਲਦੀ ਸੀ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਸਬ ਇੰਸਪੈਕਟਰ, ਹੈੱਡ ਕਾਂਸਟੇਬਲ, ਕਾਂਸਟੇਬਲ ਦੀ ਪ੍ਰੀਖਿਆ ਹੋ ਚੁੱਕੀ ਹੈ ਅਤੇ ਇਨ੍ਹਾਂ ਪ੍ਰੀਖਿਆਵਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਉਮੀਦਵਾਰ ਪੇਪਰ ਦੇਣ ਲਈ ਪਹੁੰਚੇ ਹੋਏ ਸਨ।