The Khalas Tv Blog Punjab ਪਹਿਲਾਂ ਪਤੀ ਹੁਣ ਪੰਜਾਬ ਪੁਲਿਸ ‘ਚ ਭਰਤੀ ਇਕਲੌਤਾ ਪੁੱਤ ਦੁਨੀਆ ਤੋਂ ਅਲਵਿਦਾ !
Punjab

ਪਹਿਲਾਂ ਪਤੀ ਹੁਣ ਪੰਜਾਬ ਪੁਲਿਸ ‘ਚ ਭਰਤੀ ਇਕਲੌਤਾ ਪੁੱਤ ਦੁਨੀਆ ਤੋਂ ਅਲਵਿਦਾ !

ਬਿਊਰੋ ਰਿਪੋਰਟ : ਪੰਜਾਬ ਵਿੱਚ ਨਸ਼ੇ ਦਾ ਕਿੰਨਾ ਬੁਰਾ ਹਾਲ ਹੈ ਇਸ ਦਾ ਅੰਦਾਜ਼ਾ ਗੁਰਦਾਸਪੁਰ ਤੋਂ ਆਈ ਤਾਜ਼ਾ ਘਟਨਾ ਤੋਂ ਲਗਾਇਆ ਜਾ ਸਕਦਾ ਹੈ। ਜਿਨ੍ਹਾਂ ਨੌਜਵਾਨ ਪੁਲਿਸ ਮੁਲਾਜ਼ਮਾਂ ਦੇ ਮੋਢਿਆਂ ‘ਤੇ ਨਸ਼ਾ ਖ਼ਤਮ ਕਰਨ ਦਾ ਜ਼ਿੰਮਾ ਸੀ, ਉਹ ਆਪ ਹੀ ਨਸ਼ੇ ਨਾਲ ਮੌਤ ਦਾ ਸ਼ਿਕਾਰ ਹੋ ਰਹੇ ਹਨ। ਗੁਰਦਾਸਪੁਰ ਬਟਾਲਾ ਦੇ ਗਾਂਧੀ ਕੈਂਪ ਨਸ਼ੇ ਦੀ ਓਵਰਡੋਜ਼ ਨਾਲ ਸਸਪੈਂਡ ਪੁਲਿਸ ਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਸਾਹਿਲ ਕੁਮਾਰ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਗਾਂਧੀ ਕੈਂਪ ਵਿੱਚ ਪੁਲਿਸ ਮੁਲਾਜ਼ਮ ਸੀ। ਉਸ ਨੂੰ ਕੁਝ ਸਮੇਂ ਪਹਿਲਾਂ ਨਸ਼ੇ ਦੇ ਇੱਕ ਮਾਮਲੇ ਵਿੱਚ ਸਸਪੈਂਡ ਕੀਤਾ ਗਿਆ ਸੀ। ਉਹ 2 ਭੈਣਾਂ ਦਾ ਇਕਲੌਤਾ ਭਰਾ ਸੀ ।

ਮ੍ਰਿਤਕ ਦੀ ਮਾਂ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਪਿਤਾ ਦੀ ਮੌਤ ਤੋਂ ਬਾਅਦ ਸਿਪਾਹੀ ਦੀ ਨੌਕਰੀ ਮਿਲੀ ਸੀ ਪਰ ਉਸ ਨੂੰ ਨਸ਼ੇ ਦੀ ਲੱਤ ਲੱਗ ਗਈ। ਜਿਸ ਦੀ ਵਜ੍ਹਾ ਕਰਕੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਪਰਿਵਾਰ ਮੁਤਾਬਿਕ ਉਨ੍ਹਾਂ ਨੇ ਪੁੱਤਰ ਨੂੰ ਨਸ਼ੇ ਦੀ ਆਦਤ ਛਡਾਉਣ ਦੀ ਕਾਫ਼ੀ ਕੋਸ਼ਿਸ਼ਾਂ ਕੀਤੀ ਪਰ ਉਹ ਸਾਰੀਆਂ ਬੇਕਾਰ ਸਾਬਤ ਹੋਇਆ।

ਇਲਾਕੇ ਵਿੱਚ ਖੁੱਲ੍ਹੇਆਮ ਨਸ਼ਾ ਵਿਕ ਰਿਹਾ ਹੈ ।

ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਪਰ ਪੁਲਿਸ ਕੁਝ ਵੀ ਕਾਰਵਾਈ ਨਹੀਂ ਕਰ ਰਹੀ ਹੈ। ਮੁਹੱਲਾ ਗਾਂਧੀ ਕੈਂਪ ਦੇ MC ਹੀਰਾ ਲਾਲ ਨੇ ਦੱਸਿਆ ਕਿ ਸਾਹਿਲ ਦੀ ਮੌਤ ਓਵਰਡੋਜ਼ ਨਾਲ ਹੋਈ ਹੈ। ਇਸ ਤੋਂ ਪਹਿਲਾਂ ਇਲਾਕੇ ਦੇ 2 ਹੋਰ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰ ਡੋਜ਼ ਨਾਲ ਹੋ ਚੁੱਕੀ ਹੈ।

ਉਨ੍ਹਾਂ ਦੱਸਿਆ ਸਰਹੱਦੀ ਜ਼ਿਲ੍ਹਾ ਹੋਣ ਦੀ ਵਜ੍ਹਾ ਕਰਕੇ ਨਸ਼ਾ ਅਸਾਨੀ ਨਾਲ ਮਿਲ ਜਾਂਦਾ ਹੈ, ਪਰ ਪੁਲਿਸ ਇਸ ਵੱਲ ਕੋਈ ਧਿਆਨ ਨਹੀਂ। ਨਸ਼ੇ ਨਾਲ ਇਸ ਤੋਂ ਬੁਰੇ ਹਾਲਾਤ ਕੀ ਹੋਣਗੇ ਕਿ ਪੁਲਿਸ ਦਾ ਆਪਣਾ ਮੁਲਾਜ਼ਮ ਨਸ਼ੇ ਦੀ ਓਵਰ ਡੋਜ਼ ਨਾਲ ਮਰ ਜਾਵੇ। ਇਸ ਤੋਂ ਪਹਿਲਾਂ ਫ਼ਿਰੋਜ਼ਪੁਰ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਕਾਂਸਟੇਬਲ ਨਸ਼ਾ ਕਰਦੇ ਹੋਏ ਵੇਖਿਆ ਗਿਆ ਸੀ।

ਫਿਰੋਜ਼ਪੁਰ ਵਿੱਚ ਕਾਂਸਟੇਬਲ ਦਾ ਵੀਡੀਓ ਵਾਇਰਲ

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਵੀਡੀਓ ਪੰਜਾਬ ਦੇ ਇੱਕ ਕਾਂਸਟੇਬਲ ਦਾ ਦੱਸਿਆ ਜਾ ਰਿਹਾ ਹੈ ਜੋ ਵਰਦੀ ਵਿੱਚ ਕਥਿਤ ਤੋਰ ਉੱਤੇ ਚਿੱਟਾ ਲੈ ਰਿਹਾ ਹੈ ਅਤੇ ਸਿਲਵਰ ਪੇਪਰ ਵਿੱਚ ਰੱਖ ਕੇ ਸੇਵਨ ਕਰ ਰਿਹਾ ਹੈ। SP ਇਨਵੈਟੀਗੇਸ਼ਨ ਰਣਧੀਰ ਕੁਮਾਰ ਨੇ ਦੱਸਿਆ ਸੀ ਕਿ ਵਾਇਰਲ ਵੀਡੀਓ ਵਿੱਚ ਕਾਂਸਟੇਬਲ ਮੱਖੂ ਥਾਣੇ ਵਿੱਚ ਤਾਇਨਾਤ ਸੀ। ਉਸ ਨੂੰ ਫ਼ੌਰਨ ਸਸਪੈਂਡ ਕਰਕੇ ਲਾਈਨ ਹਾਜ਼ਰ ਕੀਤਾ ਗਿਆ ਸੀ। ਨਾਲ ਹੀ ਵਿਭਾਗੀ ਜਾਂਚ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਉਨ੍ਹਾਂ ਨੇ ਕਿਹਾ ਸੀ ਕਿ ਕਾਂਸਟੇਬਲ ਦਾ ਡੋਪ ਟੈੱਸਟ ਜਲਦ ਕੀਤਾ ਜਾਵੇਗਾ। ਉਸ ਨਾਲ ਸਾਬਤ ਹੁੰਦਾ ਹੈ ਕਿ ਉਹ ਨਸ਼ੇ ਦਾ ਆਦੀ ਹੈ ਜਾਂ ਨਹੀਂ। ਕਾਂਸਟੇਬਲ ਦੇ ਡੋਪ ਟੈੱਸਟ ਤੋਂ ਪਹਿਲਾਂ ਉਸ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਕਾਂਸਟੇਬਲ ਦਾ ਕਹਿਣਾ ਹੈ ਕਿ ਉਹ ਨਸ਼ਾ ਕਰਦਾ ਸੀ ਅਤੇ ਹੁਣ ਨਸ਼ਾ ਛੱਡਣ ਦੇ ਲਈ ਨਸ਼ਾ ਛਡਾਊ ਕੇਂਦਰ ਵੀ ਜਾ ਰਿਹਾ ਹੈ।

Exit mobile version