ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਸਰਕਾਰ ਵੱਲੋਂ 2 ਦਿਨ ਪਹਿਲਾਂ ਕੀਤੇ ਗਏ 54 ਆਈ.ਏ.ਐੱਸ ਅਤੇ ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਨਰਾਜ ਹੋ ਗਏ ਹਨ। ਸਰਕਾਰ ਵੱਲੋਂ 35 ਦੇ ਕਰੀਬ ਵਿਧਾਨ ਸਭਾ ਹਲਕਿਆ ਦੇ ਐੱਸ.ਡੀ.ਐੱਮ ਬਦਲ ਦਿੱਤੇ ਗਏ ਹਨ। ਇਨ੍ਹਾਂ ਤਬਾਦਲਿਆ ਦੌਰਾਨ ਵਿਧਾਇਕਾ ਦੇ ਚਹੇਤੇ ਅਫਸਰਾਂ ਨੂੰ ਬਦਲ ਦਿੱਤਾ ਗਿਆ ਹੈ ਅਤੇ ਕਈ ਵਿਧਾਇਕਾਂ ਦੀਆਂ ਸ਼ਿਫਾਰਸ਼ਾਂ ਨੂੰ ਦਰਕਿਨਾਰ ਕੀਤਾ ਗਿਆ ਹੈ।ਜਿਸ ਕਾਰਨ ਕਈ ਵਿਧਾਇਕ ਕੈਪਟਨ ਦੇ ਨਾਲ ਲਾਲ ਪੀਲੇ ਹੋ ਗਏ ਹਨ।
ਕਈ ਵਿਧਾਇਕਾਂ ਵੱਲੋਂ ਆਪਣੀ ਨਰਾਜ਼ਗੀ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚਾ ਦਿੱਤੀ ਗਈ ਹੈ।ਜਦਕਿ ਦੂਜੇ ਮੁੱਖ ਮੰਤਰੀ ਕੋਲ ਮੁੱਦਾ ਚੁੱਕਣ ਦੀ ਤਾਕ ਵਿੱਚ ਹਨ। ਕਈ ਵਿਧਾਇਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੌਜੂਦਾ ਐੱਸ.ਡੀ.ਐੱਮ ਨਾਲ ਨਿਭ ਰਹੀ ਸੀ ਅਤੇ ਉਹ ਉਨ੍ਹਾਂ ਮੁਤਾਬਿਕ ਕੰਮ ਵੀ ਕਰ ਰਹੇ ਸਨ। ਹੁਣ ਜਦੋਂ ਵੋਟਾਂ ਸਿਰ ‘ਤੇ ਹਨ ਤਾਂ ਤਬਾਦਲੇ ਕਰਨ ਦੀ ਲੋੜ ਨਹੀ ਸੀ।ਜਿਨ੍ਹਾਂ ਵਿਧਾਇਕਾਂ ਨੂੰ ਤਬਾਦਲੇ ਬਾਰੇ ਸੂਹ ਪੈ ਗਈ ਸੀ।ਉਨ੍ਹਾਂ ਨੇ ਮੁੱਖ ਮੰਤਰੀ ਨੂੰ ਆਪਣੇ ਦਿਲ ਦੀ ਗੱਲ ਦੱਸੀ ਪਰ ਇਨ੍ਹਾਂ ‘ਚੋ ਬਹੁਤਿਆਂ ਨੂੰ ਨਜਰਅੰਦਾਜ ਕਰ ਦਿੱਤਾ ਗਿਆ ।