ਦ੍ਰੌਪਦੀ ਮੁਰਮੂ ਨੂੰ 8 ਵੋਟਾਂ ਮਿਲੀਆਂ ਜਦਕਿ ਯਸ਼ਵੰਤ ਸਿਨਹਾ ਨੂੰ 101 ਵੋਟਾਂ ਮਿਲੀਆਂ
‘ਦ ਖ਼ਾਲਸ ਬਿਊਰੋ :- ਪੰਜਾਬ ਇੱਕ ਅਜਿਹਾ ਸੂਬਾ ਸੀ ਜਿੱਥੇ ਬੀਜੇਪੀ ਨੂੰ ਰਾਸ਼ਟਰਪਤੀ ਚੋਣਾਂ ਵਿੱਚ ਸ਼ਾਇਦ ਹੀ ਕਰਾਸ ਵੋਟਿੰਗ ਦੀ ਉਮੀਦ ਸੀ ਪਰ ਹੁਣ ਜੋ ਸਿਆਸੀ ਖੇਡ ਸਾਹਮਣੇ ਆ ਰਹੀ ਹੈ, ਉਸ ਵਿੱਚ ਪਤਾ ਚੱਲਿਆ ਹੈ ਕਿ ਪੰਜਾਬ ਵਿੱਚ ਵੀ NDA ਦੀ ਉਮੀਦਵਾਰ ਦ੍ਰੌਪਦੀ ਮੁਰਮੂ ਦੇ ਹੱਕ ਵਿੱਚ ਕਰਾਸ ਵੋਟਿੰਗ ਹੋਈ ਹੈ। ਕਰਾਸ ਵੋਟਿੰਗ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕੀਤੀ ਜਾਂ ਫਿਰ ਕਾਂਗਰਸ ਨੇ, ਇਹ ਸਾਫ਼ ਨਹੀਂ ਹੋ ਸਕਿਆ ਹੈ ਪਰ ਸ਼ੱਕ ਦੇ ਘੇਰੇ ਵਿੱਚ ਅਜਿਹੇ ਕਈ ਵਿਧਾਇਕ ਹਨ, ਜੋ ਕਰਾਸ ਵੋਟਿੰਗ ਕਰ ਸਕਦੇ ਹਨ। ਬੀਜੇਪੀ ਦੇ ਜਨਰਲ ਸਕੱਤਰ ਸੁਭਾਸ਼ ਸਰਮਾ ਨੇ ਇਕ ਵਿਧਾਇਕ ਵੱਲ ਇਸ਼ਾਰਾ ਵੀ ਕੀਤਾ ਹੈ। ਕਰਾਸ ਵੋਟਿੰਗ ਨੂੰ ਸਮਝਣ ਤੋਂ ਪਹਿਲਾਂ ਰਾਸ਼ਟਰਪਤੀ ਚੋਣਾਂ ਦਾ ਸਮੀਕਰਣ ਵੀ ਸਮਝ ਲੈਂਦੇ ਹਾਂ।
ਪੰਜਾਬ ਵਿੱਚ 114 ਵਿਧਾਇਕਾਂ ਨੇ ਵੋਟ ਪਾਈ
ਪੰਜਾਬ ਵਿੱਚ 117 ਵਿਧਾਇਕਾਂ ਹਨ, ਜਿਨ੍ਹਾਂ ਵਿੱਚੋਂ ਰਾਸ਼ਟਰਪਤੀ ਚੋਣ ਦੇ ਲਈ 114 ਵਿਧਾਇਕਾਂ ਨੇ ਵੋਟ ਪਾਈ ਹੈ। ਕਾਂਗਰਸ ਦੇ 2 ਵਿਧਾਇਕ ਲਾਡੀ ਸ਼ੇਰੋਵਾਲਿਆ ਅਤੇ ਰਾਜਕੁਮਾਰ ਚੱਬੇਵਾਲ ਅਤੇ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਨੇ ਵੋਟ ਨਹੀਂ ਪਾਈ। ਯਸ਼ਵੰਤ ਸਿਨਹਾ ਨੂੰ 114 ਵਿੱਚੋਂ 101 ਵੋਟ ਹਾਸਲ ਹੋਏ ਜਦਕਿ NDA ਦੀ ਉਮੀਦਵਾਰ ਦ੍ਰੌਪਦੀ ਮੁਰਮੂ ਨੂੰ 8 ਵੋਟਾਂ ਹਾਸਲ ਹੋਈਆਂ।
ਅਕਾਲੀ ਦਲ ਦੇ 2, ਬੀਜੇਪੀ 2 ਅਤੇ ਬੀਐੱਸਪੀ ਦੇ 1 ਵਿਧਾਇਕ ਨੂੰ ਮਿਲਾ ਕੇ ਉਨ੍ਹਾਂ ਨੂੰ 5 ਵੋਟਾਂ ਮਿਲਣੀਆਂ ਚਾਹੀਦੀਆਂ ਸਨ। ਤਿੰਨ ਵੋਟਾਂ ਕਰਾਸ ਵੋਟਿੰਗ ਦੇ ਜ਼ਰੀਏ ਮੁਰਮੂ ਨੂੰ ਮਿਲੀਆਂ। ਇਹ ਵੀ ਸਾਹਮਣੇ ਆਇਆ ਹੈ ਕਿ ਗਲਤ ਵੋਟਿੰਗ ਦੀ ਵਜ੍ਹਾ ਕਰਕੇ 5 ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਇਹ ਵੀ ਸ਼ੱਕ ਦੇ ਘੇਰੇ ਵਿੱਚ ਹੈ। ਹੁਣ ਸਵਾਲ ਉੱਠ ਰਿਹਾ ਹੈ ਕਿ ਦ੍ਰੋਪਦੀ ਮੁਰਮੂ ਦੇ ਹੱਕ ਵਿੱਚ 3 ਕਰਾਸ ਵੋਟਿੰਗ ਕਰਨ ਵਾਲੇ ਵਿਧਾਇਕ ਕੌਣ ਸਨ ? ਸ਼ੱਕ ਦੇ ਘੇਰੇ ਵਿੱਚ 4 ਵਿਧਾਇਕ ਹਨ।
ਇਹ ਵਿਧਾਇਕ ਕਰਾਸ ਵੋਟਿੰਗ ਦੇ ਘੇਰੇ ਵਿੱਚ
ਰਾਸ਼ਟਰਪਤੀ ਚੋਣਾਂ ਵਿੱਚ ਕੋਈ ਵੀ ਪਾਰਟੀ ਵਿਧਾਇਕਾਂ ਅਤੇ ਐੱਮਪੀ ਨੂੰ ਵਿੱਪ ਜਾਰੀ ਕਰਕੇ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਨੂੰ ਵੋਟ ਪਾਉਣ ਦਾ ਦਬਾਅ ਨਹੀਂ ਪਾ ਸਕਦੀ ਹੈ। ਇਸ ਦੇ ਨਾਲ ਵੋਟਿੰਗ ਵੀ ਗੁਪਤ ਹੁੰਦੀ ਹੈ। ਇਸ ਲਈ ਕਰਾਸ ਵੋਟਿੰਗ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਬੀਜੇਪੀ ਦੇ ਉਮੀਦਵਾਰ ਦ੍ਰੌਪਦੀ ਮੁਰਮੂ ਦੇ ਹੱਕ ਵਿੱਚ 17 ਸੂਬਿਆਂ ਵਿੱਚ ਕਰਾਸ ਵੋਟਿੰਗ ਹੋਈ।
ਪੰਜਾਬ ਵੀ ਉਨ੍ਹਾਂ ਸੂਬਿਆਂ ਵਿੱਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਵਿਧਾਇਕਾਂ ‘ਤੇ ਕਰਾਸ ਵੋਟਿੰਗ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਉਨ੍ਹਾਂ ਵਿੱਚ ਕਾਂਗਰਸ ਦੇ ਵਿਧਾਇਕ ਸੰਦੀਪ ਜਾਖੜ ਦਾ ਨਾਂ ਸਭ ਤੋਂ ਉੱਤੇ ਹੈ। ਉਹ ਕਾਂਗਰਸ ਤੋਂ ਬੀਜੇਪੀ ਵਿੱਚ ਸ਼ਾਮਲ ਹੋਏ ਸੁਨੀਲ ਜਾਖੜ ਦੇ ਭਤੀਜੇ ਹਨ। ਬੀਜੇਪੀ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਵੀ ਦੱਬੀ ਜ਼ੁਬਾਨ ਵਿੱਚ ਇਸ ਤੋਂ ਇਨਕਾਰ ਨਹੀਂ ਕਰ ਰਹੇ ਹਨ। ਦੂਜੇ ਵਿਧਾਇਕ ਰਾਣਾ ਗੁਰਜੀਤ ਆਪ ਹੋ ਸਕਦੇ ਹਨ। ਉਨ੍ਹਾਂ ਦੇ ਵੀ ਬੀਜੇਪੀ ਨਾਲ ਚੰਗੇ ਸਬੰਧ ਹਨ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਤੋਂ ਉਨ੍ਹਾਂ ਦੇ ਹੀ ਪੁੱਤਰ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਵੀ NDA ਉਮੀਦਵਾਰ ਨੂੰ ਵੋਟ ਕਰ ਸਕਦੇ ਹਨ। ਜਦਕਿ ਆਪ ਦੇ ਵਿਧਾਇਕ ਵਿਜੇ ਸਿੰਗਲਾ ਵੀ ਕਰਾਸ ਵੋਟਿੰਗ ਕਰ ਸਕਦੇ ਹਨ ਕਿਉਂਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪਾਰਟੀ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਜੇਲ੍ਹ ਭੇਜਿਆ ਸੀ।