The Khalas Tv Blog Punjab ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਦੀ ਫੋਟੋ ਵਾਇਰਲ! ਸੈਕਟਰੀ ਦੀ ਕੁਰਸੀ ’ਤੇ ਬੈਠ ਕੇ ਸ਼ਰਾਬ ਤੇ ਕਬਾਬ ਦਾ ਲੈ ਰਿਹਾ ਸੀ ਆਨੰਦ
Punjab

ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਦੀ ਫੋਟੋ ਵਾਇਰਲ! ਸੈਕਟਰੀ ਦੀ ਕੁਰਸੀ ’ਤੇ ਬੈਠ ਕੇ ਸ਼ਰਾਬ ਤੇ ਕਬਾਬ ਦਾ ਲੈ ਰਿਹਾ ਸੀ ਆਨੰਦ

ਬਿਉਰੋ ਰਿਪੋਰਟ (ਗੁਰਦਾਸਪੁਰ): ਮੰਡੀ ਬੋਰਡ ਸ਼੍ਰੀ ਹਰਗੋਬਿੰਦਪੁਰ ਦੇ ਸੁਪਰਵਾਈਜ਼ਰ ਪਵਨ ਕੁਮਾਰ ’ਤੇ ਸੈਕਟਰੀ ਦੇ ‌ਦਫ਼ਤਰ ਵਿੱਚ ਸੈਕਟਰੀ ਦੀ ਕੁਰਸੀ ’ਤੇ ਬੈਠ ਕੇ ਸ਼ਰਾਬ ਪੀਣ ਅਤੇ ਮੀਟ ਖਾਣ ਦੇ ਇਲਜ਼ਾਮ ਲੱਗੇ ਹਨ। ਦਰਅਸਲ ਕਈ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸੁਪਰਵਾਈਜ਼ਰ ਪਵਨ ਕੁਮਾਰ ਸੈਕਟਰੀ ਦੇ ‌ਦਫ਼ਤਰ ਵਿੱਚ ਸੈਕਟਰੀ ਦੀ ਕੁਰਸੀ ’ਤੇ ਬੈਠ ਕੇ‌ ਸ਼ਰਾਬ ਅਤੇ ਕਬਾਬ ਦਾ ਮਜ਼ਾ ਲੈ ਰਿਹਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਫੋਟੋ 3-4 ਮਹੀਨੇ ਪੁਰਾਣੀ ਹੈ ਪਰ ਇਸ ਦੇ ਵਾਇਰਲ ਹੋਣ ਤੋਂ ਬਾਅਦ ਮੰਡੀ ਬੋਰਡ ਦੀ ਉੱਚ ਪੱਧਰੀ ਟੀਮ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਵਾਇਰਲ ਫੋਟੋ ਵਿੱਚ ਸੁਪਰਵਾਈਜ਼ਰ ਮੰਡੀ ਬੋਰਡ ਸ਼੍ਰੀ ਹਰਗੋਬਿੰਦਪੁਰ ਪਵਨ ਕੁਮਾਰ ਸੈਕਟਰੀ ਦੇ ਕਮਰੇ ਵਿੱਚ ਸੈਕਟਰੀ ਦੀ ਕੁਰਸੀ ’ਤੇ ਬੈਠਾ ਹੈ। ਉਸ ਦੇ ਸਾਹਮਣੇ ਵੀ ਕੋਈ ਹੈ ਜਿਸਨੇ ਇਹ ਫੋਟੋ ਖਿੱਚੀ ਹੈ। ਫੋਟੋ ਦੇ ਕੋਨੇ ਵਿੱਚ ਇੱਕ ਵੋਡਕਾ ਤੇ ਇੱਕ ਹੋਰ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਨਜ਼ਰ ਆ ਰਹੀਆਂ ਹਨ। ਪਵਨ ਕੁਮਾਰ ਦੇ ਅੱਗੇ ਰੱਖਿਆ ਅੱਧਾ ਗਿਲਾਸ ਵੋਡਕਾ ਨਾਲ ਹੀ ਭਰਿਆ ਹੈ ਤੇ ਉਸਦੇ ਹੱਥ ਵਿੱਚ ਮਾਸ ਦਾ ਇੱਕ ਟੁਕੜਾ ਹੈ। ਅੱਗੇ ਥਾਲੀ ਵਿੱਚ ਵੀ ਕੁਝ ਹੋਰ ਮੀਟ ਦੇ ਟੁਕੜੇ ਪਏ ਹਨ। ਉਸਦੇ ਪਿੱਛੇ ਦੀਵਾਰ ਤੇ ਮੰਡੀ ਬੋਰਡ ਦੇ ਸਾਰੇ ਸੈਕਟਰੀਆਂ ਵਾਲਾ ਬੋਰਡ ਲੱਗਾ ਹੈ। ਪਿੱਛੇ ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਵੀ ਲੱਗੀ ਹੋਈ ਨਜ਼ਰ ਆ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਵਾਇਰਲ ਫੋਟੋ 3-4 ਪਹਿਲਾਂ ਦੀ ਹੈ ਜਿਸ ਵੇਲੇ ਕਣਕ ਦਾ ਸੀਜ਼ਨ ਚੱਲ ਰਿਹਾ ਸੀ। ਮੰਡੀ ਬੋਰਡ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਕੀਤੀ ਗਈ ਇੱਕ ਗੁਮਨਾਮ ਸ਼ਿਕਾਇਤ ’ਤੇ ਇਸ ਦੀ ਜਾਂਚ ਸ਼ੁਰੂ ਕੀਤੀ ਗਈ ਅਤੇ 18 ਸਤੰਬਰ ਨੂੰ ‌ ਇੱਕ ਟੀਮ ਜਦੋਂ ਗੁਰਦਾਸਪੁਰ ਪਹੁੰਚੀ ਤਾਂ ਮੰਡੀ ਬੋਰਡ ਦੇ ਜ਼ਿਲ੍ਹਾ ਅਧਿਕਾਰੀ ਕੁਲਜੀਤ ਸਿੰਘ ਸੈਣੀ ਚੰਡੀਗੜ੍ਹ ਵਿਭਾਗ ਦੀ ਹੀ ਇੱਕ ਮੀਟਿੰਗ ਵਿੱਚ ਗਏ ਸਨ। ਉਨ੍ਹਾਂ ਨੂੰ ਜਾਂਚ ਕਰਨ ਆਈ ਟੀਮ ਬਾਰੇ ਬਾਅਦ ਵਿੱਚ ਪਤਾ ਲੱਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਤਸਵੀਰ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਇਸ ਮਾਮਲੇ ਬਾਰੇ ਜ਼ਿਲ੍ਹਾ ਮੰਡੀ ਅਧਿਕਾਰੀ ਕੁਲਜੀਤ ਸਿੰਘ ਸੈਣੀ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਕਿ18 ਸਤੰਬਰ ਨੂੰ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਇੱਕ ਟੀਮ ਸ਼੍ਰੀ ਹਰਗੋਬਿੰਦਪੁਰ ਪਹੁੰਚੀ ਅਤੇ ਦਫ਼ਤਰ ਦੇ ਕਰਮਚਾਰੀਆਂ ਦੇ ਬਿਆਨ ਕਲਮਬੱਧ ਕਰ ਲਏ ਹਨ। ਫਿਲਹਾਲ ਇਹ ਖ਼ੁਲਾਸਾ ਨਹੀਂ ਹੋਇਆ ਕਿ ਪਵਨ ਕੁਮਾਰ ਦਫ਼ਤਰ ਵਿੱਚ ਆਫਿਸ ਟਾਈਮ ਸ਼ਰਾਬ ਪੀ ਰਿਹਾ ਹੈ ਜਾਂ ਆਫਿਸ ਟਾਈਮ ਤੋਂ ਬਾਅਦ, ਪਰ ਉਨ੍ਹਾਂ ਮੰਨਿਆ ਕਿ ਟਾਈਮ ਬੇਸ਼ੱਕ ਕੋਈ ਵੀ ਹੋਵੇ, ਦਫ਼ਤਰ ਵਿੱਚ ਬੈਠ ਕੇ ਉਹ ਵੀ ਸੈਕਟਰੀ ਦੀ ਕੁਰਸੀ ’ਤੇ ਬੈਠ ਕੇ ਸ਼ਰਾਬ ਪੀਣਾ ਕਿਸੇ ਵੀ ਹਾਲ ’ਚ ਸਹੀ ਨਹੀਂ ਕਿਹਾ ਜਾ ਸਕਦਾ, ਇਸ ਦੇ ਲਈ ਪਵਨ ਕੁਮਾਰ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ।

Exit mobile version