The Khalas Tv Blog Punjab ਸੱਜੇ ਗੁਰਦੇ ਵਿੱਚ ਸੀ ਪੱਥਰੀ, ਖੱਬੇ ਦੀ ਕਰ ਦਿੱਤੀ ਸਰਜਰੀ, FIR ਦਰਜ
Punjab

ਸੱਜੇ ਗੁਰਦੇ ਵਿੱਚ ਸੀ ਪੱਥਰੀ, ਖੱਬੇ ਦੀ ਕਰ ਦਿੱਤੀ ਸਰਜਰੀ, FIR ਦਰਜ

ਲੁਧਿਆਣਾ ਦੀ ਥਾਣਾ ਸਦਰ ਪੁਲਿਸ ਨੇ ਗੁਰਦੇ ਦੀ ਪੱਥਰੀ ਦਾ ਆਪ੍ਰੇਸ਼ਨ ਕਰਵਾ ਰਹੇ ਇੱਕ ਮਰੀਜ਼ ਦੀ ਸ਼ਿਕਾਇਤ ‘ਤੇ ਇੱਕ ਸਰਜਨ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਰੀਜ਼ ਨੇ ਦੋਸ਼ ਲਗਾਇਆ ਹੈ ਕਿ ਸਰਜਨ ਨੇ ਲਾਪਰਵਾਹੀ ਨਾਲ ਉਸ ਦੇ ਖੱਬੇ ਗੁਰਦੇ ਦੀ ਸਰਜਰੀ ਕਰ ਦਿੱਤੀ, ਜਦੋਂ ਕਿ ਪੱਥਰੀ ਉਸ ਦੇ ਸੱਜੇ ਗੁਰਦੇ ਵਿੱਚ ਸੀ।

ਮਰੀਜ਼ ਨੇ ਪੁਲਿਸ ਨੂੰ ਇਹ ਵੀ ਦੱਸਿਆ ਹੈ ਕਿ ਸਰਜਰੀ ਤੋਂ ਬਾਅਦ ਉਸ ਨੂੰ ਕੁੱਝ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਹ ਦੋ ਸਾਲਾਂ ਤੋਂ ਮੰਜੇ ‘ਤੇ ਪਿਆ ਹੈ। ਇਸ ਸ਼ਿਕਾਇਤ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਗਠਿਤ ਡਾਕਟਰਾਂ ਦੇ ਪੈਨਲ ਨੇ ਮਾਮਲੇ ਦੀ ਜਾਂਚ ਕੀਤੀ। ਜਿਸ ਤੋਂ ਬਾਅਦ ਐਫ.ਆਈ.ਆਰ.ਦਰਜ ਕੀਤੀ ਗਈ। ਥਾਣਾ ਸਦਰ ਪੁਲਿਸ ਨੇ ਗਿੱਲ ਰੋਡ ’ਤੇ ਹਸਪਤਾਲ ਚਲਾਉਣ ਵਾਲੇ ਡਾਕਟਰ ਹਰਪ੍ਰੀਤ ਸਿੰਘ ਜੌਲੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਮਰੀਜ਼ 8 ਅਪ੍ਰੈਲ 2022 ਨੂੰ ਖੁਦ ਗੱਡੀ ਚਲਾ ਕੇ ਹਸਪਤਾਲ ਆਇਆ ਸੀ

ਸ਼ਿਕਾਇਤਕਰਤਾ ਵਿਨੀਤ ਖੰਨਾ (52) ਵਾਸੀ ਰਾਜਗੁਰੂ ਨਗਰ ਨੇ ਦੱਸਿਆ ਕਿ ਉਸ ਦਾ ਹੌਜ਼ਰੀ ਦਾ ਕਾਰੋਬਾਰ ਹੈ। ਦੋ ਸਾਲ ਪਹਿਲਾਂ ਹੋਈ ਉਸ ਦੀ ਸਰਜਰੀ ਤੋਂ ਬਾਅਦ ਉਸ ਨੂੰ ਕਾਫੀ ਮੁਸ਼ਕਲਾਂ  ਆਈਆਂ ਸਨ, ਜਿਸ ਕਾਰਨ ਉਸ ਨੂੰ ਕਾਰੋਬਾਰ ਬੰਦ ਕਰਨਾ ਪਿਆ। ਉਸ ਅਨੁਸਾਰ ਉਸ ਦੇ ਸੱਜੇ ਗੁਰਦੇ ਵਿੱਚ ਪੱਥਰੀ ਸੀ। ਉਹ 8 ਅਪ੍ਰੈਲ 2022 ਨੂੰ ਆਪ ਪ੍ਰੋਲਾਈਫ ਹਸਪਤਾਲ ਆਇਆ ਸੀ। ਉਸ ਦੀ ਸਰਜਰੀ ਵੀ ਉਸੇ ਦਿਨ ਹੋਈ ਸੀ।

13 ਮਾਰਚ 2023 ਨੂੰ ਦਿੱਤੀ ਸ਼ਿਕਾਇਤ

ਇਸ ਸਬੰਧੀ ਮਰੀਜ਼ ਨੇ ਲਗਭਗ ਇੱਕ ਸਾਲ ਬਾਅਦ 13 ਮਾਰਚ 2023 ਨੂੰ ਪੁਲਿਸ ਅਤੇ ਸਿਹਤ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਮਾਮਲੇ ਦੀ ਜਾਂਚ ਲਈ ਡਾਕਟਰਾਂ ਦਾ ਬੋਰਡ ਬਣਾਇਆ। ਬੋਰਡ ਦੀ ਰਿਪੋਰਟ ਤੋਂ ਬਾਅਦ ਪੁਲਿਸ ਨੇ ਡਾਕਟਰ ਜੌਲੀ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਸੀ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਇਕਬਾਲ ਸਿੰਘ ਨੇ ਦੱਸਿਆ ਕਿ ਡਾਕਟਰ ਜੌਲੀ ਖ਼ਿਲਾਫ਼ ਆਈਪੀਸੀ ਦੀ ਧਾਰਾ 192, 193, 417, 418 ਅਤੇ 420 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਪੁਲਿਸ ਨੇ ਗਲਤ ਐਫ.ਆਈ.ਆਰ ਦਰਜ ਕੀਤੀ 

ਹਾਲਾਂਕਿ ਡਾਕਟਰ ਜੌਲੀ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਲਾਪਰਵਾਹੀ ਨਹੀਂ ਕੀਤੀ ਗਈ ਹੈ। ਉਸ ਨੇ ਸਹੀ ਇਲਾਜ ਕੀਤਾ ਅਤੇ ਮਰੀਜ਼ ਤੰਦਰੁਸਤ ਹੈ। ਉਨ੍ਹਾਂ ਸਿਹਤ ਵਿਭਾਗ ਵੱਲੋਂ ਗਠਿਤ ਡਾਕਟਰਾਂ ਦੇ ਬੋਰਡ ਅੱਗੇ ਸਾਰੇ ਸਬੂਤ ਪੇਸ਼ ਕੀਤੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਨੇ ਗਲਤ ਐਫਆਈਆਰ ਦਰਜ ਕੀਤੀ ਹੈ। ਉਹ ਇਸ ਸਬੰਧੀ ਕੇਸ ਦਰਜ ਕਰਵਾਏਗਾ।

ਇਹ ਵੀ ਪੜ੍ਹੋ -ਮੰਤਰੀ ਅਨਮੋਲ ਨੇ ਕੀਤਾ ਖੇਤ ਦਾ ਦੌਰਾ, ਇੱਕ ਦਿਨ ਪਹਿਲਾਂ ਕਣਕ ਦੀ ਫਸਲ ਨੂੰ ਲੱਗੀ ਸੀ ਅੱਗ

Exit mobile version