ਬਿਊਰੋ ਰਿਪੋਰਟ (ਚੰਡੀਗੜ੍ਹ, 9 ਅਕਤੂਬਰ 2025): ਚੰਡੀਗੜ੍ਹ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਸ਼ਵ ਵਿਦਿਆਲਿਆਂ ਅਤੇ ਕਾਲਜਾਂ ਲਈ ਦੁਨੀਆ ਦਾ ਪਹਿਲਾ ਐਂਟਰਪਰਿਨਿਊਰਸ਼ਿਪ ਕੋਰਸ ਸ਼ੁਰੂ ਕੀਤਾ। ਇਸ ਪ੍ਰੋਗਰਾਮ ਦਾ ਉਦਘਾਟਨ ਟੈਗੋਰ ਥੀਏਟਰ ’ਚ ਕੀਤਾ ਗਿਆ, ਜਿੱਥੇ CM ਮਾਨ ਨੇ ਐਲਾਨ ਕੀਤਾ ਕਿ ਹੁਣ ਪੰਜਾਬ ਦੇ ਵਿਦਿਆਰਥੀ ਸਿਰਫ਼ ਡਿਗਰੀ ਨਹੀਂ ਲੈਣਗੇ, ਸਗੋਂ ਆਪਣੇ ਸਟਾਰਟਅੱਪ ਸ਼ੁਰੂ ਕਰਨ ਲਈ ਤਿਆਰ ਹੋਣਗੇ।
ਇਸ ਕੋਰਸ ਦੇ ਤਹਿਤ ਵਿਦਿਆਰਥੀਆਂ ਨੂੰ ਨਵੇਂ ਬਿਜ਼ਨਸ ਮਾਡਲ ਅਤੇ ਸਟਾਰਟਅੱਪ ਆਈਡੀਆ ਵਿਕਸਿਤ ਕਰਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਲਈ ਇੱਕ ਖਾਸ ਐਪਲੀਕੇਸ਼ਨ ਵੀ ਤਿਆਰ ਕੀਤੀ ਗਈ ਹੈ, ਜਿਸ ਵਿੱਚ ਕਲਾਉਡ ਕਿਚਨ ਵਰਗੀਆਂ ਵੱਖ-ਵੱਖ ਉੱਦਮੀ ਗਤੀਵਿਧੀਆਂ ਦੀ ਸਿੱਖਿਆ ਦਿੱਤੀ ਜਾਵੇਗੀ।
CM ਮਾਨ ਨੇ ਮੰਚ ਤੋਂ ਕਿਹਾ ਕਿ ਪੰਜਾਬ ਦੀ ਧਰਤੀ ਉਪਜਾਊ ਹੈ ਅਤੇ ਇੱਥੇ ਮਿਹਨਤ ਕਰਨ ਵਾਲਾ ਕਦੇ ਖਾਲੀ ਹੱਥ ਨਹੀਂ ਰਹਿੰਦਾ। ਉਨ੍ਹਾਂ ਹਾਸਿਆਂ-ਮਜ਼ਾਕ ਦੇ ਅੰਦਾਜ਼ ਵਿੱਚ ਕਿਹਾ, “ਅੱਜਕੱਲ੍ਹ ਬਿਨਾਂ ਪੜ੍ਹੇ ਹੀ ਲੋਕ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਤੇ ਫਿਰ ਡਿਗਰੀਆਂ ਲੱਭਦੇ ਫਿਰਦੇ ਹਨ।!”
Entrepreneurship Course ਦੀ ਸ਼ੁਰੂਆਤ ਕਰਨ ਮੌਕੇ ਅਰਵਿੰਦ ਕੇਜਰੀਵਾਲ ਜੀ ਨਾਲ ਚੰਡੀਗੜ੍ਹ ਤੋਂ LIVE…… Entrepreneurship Course की शुरुआत करने के मौके अरविंद केजरीवाल जी के साथ चंडीगढ़ से LIVE https://t.co/yKrqzPBvzc
— Bhagwant Mann (@BhagwantMann) October 9, 2025
ਉਨ੍ਹਾਂ ਕਿਹਾ ਕਿ ਇਹ ਕੋਰਸ ਬ੍ਰੇਨਸਟਾਰਮਿੰਗ ਨੂੰ ਪ੍ਰੋਤਸਾਹਿਤ ਕਰੇਗਾ, ਜਿਸ ਨਾਲ ਨੌਜਵਾਨਾਂ ਦੇ ਦਿਮਾਗ ਤੋਂ ਨਵੇਂ ਤੇ ਵਿਲੱਖਣ ਵਿਚਾਰ ਜਨਮ ਲੈਣਗੇ। CM ਮਾਨ ਨੇ ਕਿਹਾ ਕਿ ਜਿਵੇਂ ਯੂਟਿਊਬ ਤਿੰਨ ਵਿਦਿਆਰਥੀਆਂ ਦੇ ਆਈਡੀਆ ਨਾਲ ਬਣਿਆ ਤੇ ਦੁਨੀਆ ਭਰ ਵਿੱਚ ਮਾਡਲ ਬਣ ਗਿਆ, ਓਹੋ ਹੀ ਪੰਜਾਬ ਦੇ ਨੌਜਵਾਨ ਵੀ ਨਵੇਂ ਸਟਾਰਟਅੱਪ ਖੜੇ ਕਰਨਗੇ।
ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਕੋਰਸ ਬੇਰੋਜ਼ਗਾਰੀ ਦੇ ਖ਼ਾਤਮੇ ਵੱਲ ਵੱਡਾ ਕਦਮ ਹੈ। ਹਰ ਸਾਲ ਲੱਖਾਂ ਵਿਦਿਆਰਥੀ ਕਾਲਜ ਖ਼ਤਮ ਕਰਦੇ ਹਨ ਪਰ ਸਭ ਨੂੰ ਨੌਕਰੀ ਨਹੀਂ ਮਿਲਦੀ, ਇਸ ਲਈ ਹੁਣ ਉਹ ਬਿਜ਼ਨਸ ਸਿੱਖਣ ਅਤੇ ਆਪਣੀ ਪਹਿਚਾਣ ਬਣਾਉਣ ਦੇ ਯੋਗ ਹੋਣਗੇ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਪੰਜਾਬ ਦਾ ਸਕੂਲੀ ਸਿੱਖਿਆ ਮਾਡਲ ਦੇਸ਼ ’ਚ ਸਭ ਤੋਂ ਅੱਗੇ ਹੈ। ਕੋਈ ਵੀ ਵਿਦਿਆਰਥੀ ਹੁਣ ਜ਼ਮੀਨ ’ਤੇ ਨਹੀਂ ਬੈਠਦਾ, ਤੇ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਨਵਾਂ ਸਿਲੇਬਸ ਬੇਰੋਜ਼ਗਾਰੀ ਦੂਰ ਕਰਨ ਤੇ ਪ੍ਰੈਕਟੀਕਲ ਸਿੱਖਿਆ ਨੂੰ ਪ੍ਰਮੋਟ ਕਰਨ ਵੱਲ ਇਕ ਨਵਾਂ ਮੋੜ ਹੈ।
CM ਮਾਨ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਸਟਾਰਟਅੱਪ ਹੱਬ ਬਣੇਗਾ ਅਤੇ ਨਵੀਂ ਪੀੜ੍ਹੀ ਆਪਣੇ ਸੁਤੰਤਰ ਬਿਜ਼ਨਸ ਨਾਲ ਦੇਸ਼-ਵਿਦੇਸ਼ ‘ਚ ਆਪਣੀ ਪਛਾਣ ਬਣਾਏਗੀ।