The Khalas Tv Blog Punjab ਪੰਜਾਬ ਦੀਆਂ ਜੇਲ੍ਹਾਂ ਨੂੰ ਮਿਲਣਗੇ ਡਾਇਗਨੋਜ਼ ਸੈਂਟਰ ਅਤੇ ਲੈਬਾਰਟਰੀਆਂ
Punjab

ਪੰਜਾਬ ਦੀਆਂ ਜੇਲ੍ਹਾਂ ਨੂੰ ਮਿਲਣਗੇ ਡਾਇਗਨੋਜ਼ ਸੈਂਟਰ ਅਤੇ ਲੈਬਾਰਟਰੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਡਾਇਗਨੋਜ਼ ਸੈਂਟਰ ਅਤੇ ਲੈਬਾਰਟਰੀਆਂ ਖੋਲ੍ਹੀਆਂ ਜਾਣਗੀਆਂ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਅੰਦਰ ਬੰਦ ਕੈਦੀਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਜੇਲ੍ਹਾਂ ‘ਚ ਡਾਇਗਨੋਜ਼ ਸੈਂਟਰ ਅਤੇ ਲੈਬਾਰਟਰੀਆਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ।

ਡਾ.ਐੱਸ.ਪੀ. ਸਿੰਘ ਓਬਰਾਏ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਨਲਾਈਨ ਹੋਈ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕੈਪਟਨ ਨੂੰ ਜੇਲ੍ਹਾਂ ਅੰਦਰ ਬੰਦ ਕੈਦੀਆਂ ਦੇ ਸਿਹਤ ਪੱਖ ਤੋਂ ਇਲਾਵਾ ਬੀਮਾਰ ਕੈਦੀਆਂ ਨੂੰ ਜੇਲ੍ਹ ਤੋਂ ਬਾਹਰ ਲਿਜਾ ਕੇ ਟੈਸਟ ਕਰਾਉਣ ਦੀ ਔਖੀ ਅਤੇ ਖਰਚੀਲੀ ਪ੍ਰਕਿਰਿਆ ਦਾ ਹਵਾਲਾ ਦਿੰਦਿਆਂ ਜੇਲ੍ਹਾਂ ਅੰਦਰ ਡਾਇਗਨੋਜ਼ ਸੈਂਟਰ ਅਤੇ ਲੈਬਾਰਟਰੀਆਂ ਖੋਲ੍ਹਣ ਦੀ ਤਜਵੀਜ਼ ਰੱਖੀ ਸੀ, ਜਿਸ ‘ਤੇ ਕੈਪਟਨ ਨੇ ਤੁਰੰਤ ਆਪਣੀ ਸਹਿਮਤੀ ਦਿੰਦਿਆਂ ਇਸ ਪ੍ਰਪੋਜ਼ਲ ‘ਤੇ ਮੋਹਰ ਲਾ ਦਿੱਤੀ ਸੀ।

ਕਿਹੜੇ ਜ਼ਿਲ੍ਹਿਆਂ ਤੋਂ ਹੋਵੇਗੀ ਸ਼ੁਰੂਆਤ ?

ਉਨ੍ਹਾਂ ਕਿਹਾ ਕਿ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੀਟਿੰਗ ਕਰਨ ਤੋਂ ਬਾਅਦ ਸਾਂਝੇ ਰੂਪ ‘ਚ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਤਹਿਤ 6 ਜ਼ਿਲ੍ਹਿਆਂ ਅੰਮ੍ਰਿਤਸਰ, ਪਟਿਆਲਾ, ਗੁਰਦਾਸਪੁਰ, ਲੁਧਿਆਣਾ, ਜਲੰਧਰ ਅਤੇ ਫਰੀਦਕੋਟ ਦੀਆਂ ਕੇਂਦਰੀ ਜੇਲ੍ਹਾਂ ‘ਚ ਡਾਇਗਨੋਜ਼ ਸੈਂਟਰ ਅਤੇ ਲੈਬਾਰਟਰੀਆਂ ਖੋਲ੍ਹਣ ਦਾ ਫੈਸਲਾ ਕੀਤਾ ਗਿਆ। ਅਗਲੇ ਪੜਾਵਾਂ ਵਿੱਚ ਬਾਕੀ ਰਹਿੰਦੇ ਜ਼ਿਲ੍ਹਿਆਂ ਦੀਆਂ ਕੇਂਦਰੀ ਅਤੇ ਸਬ ਜੇਲ੍ਹਾਂ ਵਿੱਚ ਵੀ ਇਹ ਸਹੂਲਤ ਦਿੱਤੀ ਜਾਵੇਗੀ।

ਕਿੰਨਾ ਖਰਚ ਆਵੇਗਾ ?

ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਇੱਕ ਲੈਬਾਰਟਰੀ ਖੋਲ੍ਹਣ ‘ਤੇ ਉਨ੍ਹਾਂ ਦਾ ਕਰੀਬ 25 ਤੋਂ 30 ਲੱਖ ਰੁਪਏ ਦਾ ਖਰਚਾ ਆਵੇਗਾ ਅਤੇ ਇਸ ਅੰਦਰ ਪ੍ਰਾਈਵੇਟ ਲੈਬਾਰਟਰੀਆਂ ਦੇ ਮੁਕਾਬਲੇ ਕੇਵਲ 10 ਫ਼ੀਸਦੀ ਭਾਵ ਲਾਗਤ ਮੁੱਲ ਹੀ ਵਸੂਲਿਆ ਜਾਵੇਗਾ, ਜਿਸ ਨਾਲ ਜਿੱਥੇ ਕੈਦੀਆਂ ਨੂੰ ਜੇਲ੍ਹ ਅੰਦਰ ਹੀ ਇੱਕ ਵੱਡੀ ਸਹੂਲਤ ਮਿਲੇਗੀ, ਉੱਥੇ ਹੀ ਸਰਕਾਰ ਵੱਲੋਂ ਕੈਦੀਆਂ ਨੂੰ ਟੈਸਟ ਆਦਿ ਕਰਾਉਣ ਲਈ ਜੇਲ੍ਹਾਂ ਤੋਂ ਬਾਹਰ ਲੈ ਕੇ ਜਾਣ ਅਤੇ ਸਕਿਉਰਿਟੀ ਆਦਿ ਪੱਖ ਤੋਂ ਆਉਂਦੇ ਵੱਡੇ ਖਰਚ ਤੋਂ ਵੀ ਨਿਜਾਤ ਮਿਲੇਗੀ। ਇਸ ਨਾਲ ਪੁਲਿਸ ਦੇ ਸਮੇਂ ਦੀ ਵੀ ਬੱਚਤ ਹੋਵੇਗੀ। ਟਰੱਸਟ ਦੀਆਂ ਟੀਮਾਂ ਵੱਲੋਂ ਇੱਕ ਹਫ਼ਤੇ ਦੇ ਅੰਦਰ ਸਾਰੀਆਂ ਜੇਲ੍ਹਾਂ ਦਾ ਸਰਵੇਖਣ ਕਰਨ ਉਪਰੰਤ ਬਹੁਤ ਹੀ ਜਲਦ ਜੇਲ੍ਹਾਂ ‘ਚ ਲੈਬਾਰਟਰੀਆਂ ਬਣਾਉਣ ਦਾ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ।

Exit mobile version