The Khalas Tv Blog Punjab ਟੋਕੀਓ ਉਲੰਪਿਕ ਖੇਡਾਂ ‘ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਮਿਲਣਗੇ ਇਨਾਮਾਂ ਦੇ ਨਗਦ ਗੱਫੇ
Punjab

ਟੋਕੀਓ ਉਲੰਪਿਕ ਖੇਡਾਂ ‘ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਮਿਲਣਗੇ ਇਨਾਮਾਂ ਦੇ ਨਗਦ ਗੱਫੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਸਰਕਾਰ ਵੱਲੋਂ ਟੋਕੀਓ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗਾ ਜੇਤੂ ਪੁਰਸ਼ ਹਾਕੀ ਟੀਮ ਅਤੇ ਹੋਰਨਾਂ ਖੇਡਾਂ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਪੰਜਾਬੀ ਖਿਡਾਰੀਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ। ਇਸ ਲਈ 12 ਅਗਸਤ ਨੂੰ ਵਿਸ਼ੇਸ਼ ਤੌਰ ‘ਤੇ ਸਮਾਗਮ ਕਰਵਾਇਆ ਜਾ ਰਿਹਾ ਹੈ।ਜਾਣਕਾਰੀ ਮੁਤਾਬਿਕ ਇਸ ਸਮਾਗਮ ਦੌਰਾਨ ਪੰਜਾਬ ਦੇ ਖਿਡਾਰੀਆਂ ਅਤੇ ਜੈਵਲਿਨ ਥਰੋਅ ਵਿੱਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਕੁੱਲ 15 ਕਰੋੜ 10 ਲੱਖ ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਿਆ ਜਾਵੇਗਾ।

ਇਹ ਜਾਣਕਾਰੀ ਦਿੰਦਿਆਂ ਸੂਬੇ ਦੇ ਖੇਡ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਖਿਡਾਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨਮਾਨਤ ਕਰਨਗੇ, ਜਦੋਂ ਕਿ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਵਿਸ਼ੇਸ਼ ਮਹਿਮਾਨ ਹੋਣਗੇ।

ਖੇਡ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਕੀਤੇ ਵਿਸ਼ੇਸ਼ ਐਲਾਨ ਤਹਿਤ ਪੰਜਾਬ ਦਾ ਪਿਛੋਕੜ ਰੱਖਣ ਵਾਲੇ ਸੋਨ ਤਮਗਾ ਜੇਤੂ ਅਥਲੀਟ ਨੀਰਜ ਚੋਪੜਾ ਨੂੰ 2 ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਨੇ 41 ਸਾਲ ਬਾਅਦ ਓਲੰਪਿਕ ਖੇਡਾਂ ਵਿੱਚ ਤਮਗਾ ਜਿੱਤਿਆ ਹੈ ਜਿਸ ਵਿੱਚ ਕਪਤਾਨ ਤੇ ਉਪ ਕਪਤਾਨ ਸਮੇਤ ਸਭ ਤੋਂ ਵੱਧ ਖਿਡਾਰੀ (11) ਪੰਜਾਬ ਦੇ ਸਨ। ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਇਨ੍ਹਾਂ 11 ਪੰਜਾਬੀ ਖਿਡਾਰੀਆਂ ਮਨਪ੍ਰੀਤ ਸਿੰਘ (ਕਪਤਾਨ), ਹਰਮਨਪ੍ਰੀਤ ਸਿੰਘ (ਉਪ ਕਪਤਾਨ), ਰੁਪਿੰਦਰ ਪਾਲ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਵਰੁਣ ਕੁਮਾਰ, ਦਿਲਪ੍ਰੀਤ ਸਿੰਘ, ਹਾਰਦਿਕ ਸਿੰਘ ਤੇ ਕ੍ਰਿਸ਼ਨ ਪਾਠਕ ਨੂੰ 1-1 ਕਰੋੜ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਸੇ ਤਰ੍ਹਾਂ ਓਲੰਪਿਕ ਖੇਡਾਂ ਦੇ ਮਹਿਲਾ ਹਾਕੀ ਮੁਕਾਬਲਿਆਂ ਵਿੱਚ ਚੌਥੇ ਸਥਾਨ ਉਤੇ ਆ ਕੇ ਇਤਿਹਾਸ ਰਚਣ ਵਾਲੀ ਭਾਰਤੀ ਟੀਮ ਦੀਆਂ ਦੋ ਪੰਜਾਬੀ ਖਿਡਾਰਨਾ ਗੁਰਜੀਤ ਕੌਰ ਤੇ ਰੀਨਾ ਖੋਖਰ ਅਤੇ ਅਥਲੈਟਿਕਸ ਦੇ ਡਿਸਕਸ ਫਾਈਨਲ ਮੁਕਾਬਲੇ ਵਿੱਚ ਛੇਵਾਂ ਸਥਾਨ ਹਾਸਲ ਕਰਨ ਵਾਲੀ ਕਮਲਪ੍ਰੀਤ ਕੌਰ ਨੂੰ 50-50 ਲੱਖ ਰੁਪਏ ਨਾਲ ਸਨਮਾਨਤ ਕੀਤਾ ਜਾਵੇਗਾ।

ਇਸੇ ਤਰ੍ਹਾਂ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਪੰਜਾਬ ਦੇ ਹੋਰਨਾਂ ਖਿਡਾਰੀਆਂ ਮੁੱਕੇਬਾਜ਼ ਸਿਮਰਨਜੀਤ ਕੌਰ, ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਤੇ ਅੰਗਦਵੀਰ ਸਿੰਘ ਅਤੇ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਤੇ ਗੁਰਪ੍ਰੀਤ ਸਿੰਘ ਅਤੇ ਪੈਰਾਲੰਪਿਕ ਵਿੱਚ ਹਿੱਸਾ ਲੈਣ ਜਾ ਰਹੀ ਬੈਡਮਿੰਟਨ ਖਿਡਾਰਨ ਪਲਕ ਕੋਹਲੀ ਨੂੰ 10-10 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।

Exit mobile version