‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਸਰਕਾਰ ਨੇ ਅੱਜ ਆਪਣੇ ਚੋਣ ਮੈਨੀਫੈਸਟੋ ਵਿੱਚੋਂ ਇਕ ਹੋਰ ਵਾਅਦੇ ਨੂੰ ਕੱਢ ਕੇ ਭੂਮੀਹੀਣ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰਜ਼ਾ ਮੁਆਫੀ ਦੇ ਸੂਬਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭੂਮੀਹੀਣ ਕਿਸਾਨਾਂ ਦਾ ਸਵਾ 5 ਸੌ ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਹੈ। ਇਸ ਨਾਲ 2 ਲੱਖ 85 ਹਜ਼ਾਰ ਕਿਸਾਨਾਂ ਨੂੰ ਲਾਭ ਪਹੁੰਚੇਗਾ ਤੇ ਸਰਕਾਰ ਦਾ ਕਹਿਣਾ ਹੈ ਕਿ ਹੁਣ ਤੱਕ 5 ਲੱਖ 64 ਹਜ਼ਾਰ ਕਿਸਾਨਾਂ ਨੂੰ ਲਾਭ ਦੇ ਚੁੱਕੇ ਹਾਂ।
ਇਸ ਮੌਕੇ ਸੰਬੋਧਨ ਕਰਦਿਆਂ ਕੈਪਟਨ ਨੇ ਕਿਹਾ ਕਿ ਕਿਹੜਾ ਕਾਨੂੰਨ ਹੈ ਜੋ ਬਦਲਿਆ ਨਹੀਂ ਜਾ ਸਕਦਾ।ਸੰਵਿਧਾਨ ਵਿੱਚ 50 ਸਾਲਾਂ ਵਿੱਚ 127 ਵਾਰ ਸੋਧ ਹੋ ਚੁੱਕੀ ਹੈ।ਦਿੱਲੀ ‘ਚ ਵੀ ਢਾਈ ਕਿੱਲੇ ਵਾਲੇ ਕਿਸਾਨ ਹੀ ਹੱਕ ਦੀ ਲੜਾਈ ਲੜ ਰਹੇ ਹਨ।ਇਹ ਲੜਾਈ ਕਿਸਾਨਾਂ ਦੀਆਂ ਅਗਲੀਆਂ ਪੀੜ੍ਹੀਆਂ ਲਈ ਹੈ।ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਵੱਡੀ ਸੰਖਿਆਂ ਵਿੱਚ ਕਿਸਾਨਾਂ ਦੀ ਮੌਤ ਹੋਣ ਤੋਂ ਬਾਅਦ ਵੀ ਦਿੱਲੀ ਨੂੰ ਰਹਿਮ ਨਹੀਂ ਆ ਰਿਹਾ।ਹੱਕਾਂ ਲਈ ਸੰਘਰਸ਼ ਕਰਨਾ, ਪ੍ਰਦਰਸ਼ਨ ਤੇ ਧਰਨੇ ਦੇਣੇ ਸਾਡਾ ਡੈਮੋਕ੍ਰੇਟਿਕ ਅਧਿਕਾਰ ਹੈ।ਅਸੀਂ ਜਦੋਂ ਸਾਡੀ ਸਰਕਾਰ ਨਹੀਂ ਸੀ, ਉਸ ਵੇਲੇ ਵੀ ਦਿੱਲੀ ਸੰਸਦ ਅੱਗੇ ਧਰਨਾ ਦਿੱਤਾ ਹੈ।
ਕੈਪਟਨ ਨੇ ਕਿਹਾ ਕਿ ਪਿਛਲੇ ਦਿਨੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਵੀ ਮੈਂ ਖੇਤੀ ਕਾਨੂੰਨਾਂ ਦਾ ਮੁੱਦਾ ਚੁੱਕਿਆ ਹੈ।ਕੈਪਟਨ ਨੇ ਕਿਹਾ ਕਿ ਭੂਮੀਹੀਣ ਕਿਸਾਨਾਂ ਦਾ 526 ਕਰੋੜ ਦਾ ਕਰਜਾ ਮਾਫ ਕਰਨਾ ਬਹੁਤ ਨਿਗੁਣਾ ਜਿਹਾ ਕੰਮ ਹੈ, ਹਾਲੇ ਹੋਰ ਰਾਹਤ ਦੇਣੀ ਬਾਕੀ ਹੈ।2017 ਵਿਚ ਵੀ ਅਸੀਂ ਵਨ ਟਾਇਮ ਸੈਟਲਮੈਂਟ ਸਕੀਮ ਲਿਆਂਦੀ ਸੀ ਤੇ ਇਸ ਵਾਰ ਖਾਲਸੇ ਦੀ ਜਨਮਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਇਹ ਐਲਾਨ ਕਰਦਿਆਂ ਸਾਡੀ ਸਰਕਾਰ ਖੁਸ਼ੀ ਲੈ ਰਹੀ ਹੈ।
ਇਸ ਮੌਕੇ ਕੈਪਟਨ ਨੇ 15 ਹਜ਼ਾਰ ਸਪੋਰਟ ਕਿੱਟਾ ਦੇਣ ਦਾ ਐਲਾਨ ਵੀ ਕੀਤਾ ਤੇ ਯੂਥ ਕਲੱਬਾਂ ਨੂੰ ਇਕ ਕਰੋੜ ਦੀ ਮਦਦ ਦੇਣ ਦਾ ਵੀ ਵਾਅਦਾ ਕੀਤਾ। ਅੰਤ ਵਿੱਚ ਕਰਜ਼ਾ ਮਾਫੀ ਦੇ ਲਾਭਵਾਪਤਰੀਆਂ ਨੂੰ ਸਰਟੀਫਿਕੇਟ ਵੰਡੇ ਗਏ।