The Khalas Tv Blog Punjab ਇਸ ਤਰੀਕ ਤੋਂ ਪੰਜਾਬ ਖੇਡ ਮੇਲਾ ਸ਼ੁਰੂ, 5 ਕਰੋੜ ਇਨਾਮ,ਹਿੱਸਾ ਲੈਣ ਦੀ ਉਮਰ 14 ਤੋਂ 60
Punjab

ਇਸ ਤਰੀਕ ਤੋਂ ਪੰਜਾਬ ਖੇਡ ਮੇਲਾ ਸ਼ੁਰੂ, 5 ਕਰੋੜ ਇਨਾਮ,ਹਿੱਸਾ ਲੈਣ ਦੀ ਉਮਰ 14 ਤੋਂ 60

ਬਲਾਕ ਤੋਂ ਸੂਬਾ ਪੱਧਰ ਤੱਕ ਹੋਣਗੇ ਮੁਕਾਬਲੇ, 5 ਕਰੋੜ ਰੁਪਏ ਦੀ ਇਨਾਮ ਰਾਸ਼ੀ ਵੰਡੀ ਜਾਵੇਗੀ

‘ਦ ਖ਼ਾਲਸ ਬਿਊਰੋ :- ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉੱਤੇ ਖੇਡ ਵਿਭਾਗ ਵੱਲੋਂ ਸੂਬੇ ਵਿੱਚ ਖਿਡਾਰੀਆਂ ਦੀ ਹੁਨਰ ਦੀ ਸ਼ਨਾਖਤ,ਖੇਡਾਂ ਪੱਖੀ ਮਾਹੌਲ ਸਿਰਜਣ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਮੰਤਵ ਤਹਿਤ ਪੰਜਾਬ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਅੰਡਰ 14 ਤੋਂ 60 ਸਾਲ ਵੈਟਰਨ ਗਰੁੱਪ ਤੱਕ 30 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਬਲਾਕ ਤੋਂ ਸੂਬਾ ਪੱਧਰ ਤੱਕ ਚੱਲਣ ਵਾਲੇ ਇਸ ਖੇਡ ਮੇਲੇ ਦੀ ਸ਼ੁਰੂਆਤ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਹੋਵੇਗੀ ਜਿਹੜਾ ਦੋ ਤੋਂ ਤਿੰਨ ਮਹੀਨੇ ਤੱਕ ਚੱਲੇਗਾ। ਇਸ ਤੋਂ ਪਹਿਲਾ ਸਿਰਫ ਤਿੰਨ ਵਰਗਾਂ ਦੇ ਜ਼ਿਲਾ ਤੇ ਸੂਬਾ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਸਨ ਅਤੇ ਹੁਣ ਪਹਿਲੀ ਵਾਰ ਛੇ ਵਰਗਾਂ ਦੇ ਬਲਾਕ ਪੱਧਰ ਤੋਂ ਮੁਕਾਬਲੇ ਹੋਣਗੇ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਖੇਡ ਮੇਲੇ ਦੀਆਂ ਤਿਆਰੀਆਂ ਸਬੰਧੀ ਡਾਇਰੈਕਟਰ ਰਾਜੇਸ਼ ਧੀਮਾਨ ਦੇ ਨਾਲ ਸਮੂਹ ਜ਼ਿਲਾ ਖੇਡ ਅਫਸਰਾਂ ਦੀ ਮੀਟਿੰਗ ਸੱਦੀ ਸੀ,ਖੇਡ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਮੁੜ ਮੋਹਰੀ ਸੂਬਾ ਬਣਾਉਣ ਦੇ ਕੀਤੇ ਤਹੱਈਏ ਤਹਿਤ ਖੇਡ ਵਿਭਾਗ ਨੇ ਆਪਣੇ ਕਿਸਮ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਪ੍ਰੋਗਰਾਮ ਉਲੀਕਿਆ ਹੈ ਜਿਸ ਵਿੱਚ ਪੰਜਾਬ ਦੇ 3 ਲੱਖ ਦੇ ਕਰੀਬ ਖਿਡਾਰੀਆਂ ਦੀ ਹਿੱਸੇਦਾਰੀ ਹੋਵੇਗੀ।

ਮਾਨਤਾ ਪ੍ਰਾਪਤ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀ ਜਿੱਥੇ ਆਪੋ-ਆਪਣੀਆਂ ਖੇਡਾਂ ਵਿੱਚ ਗਰੇਡਿੰਗ ਕਰਵਾ ਸਕਣਗੇ ਉਥੇ ਸੂਬਾ ਪੱਧਰ ਦੇ ਜੇਤੂਆਂ ਨੂੰ 5 ਕਰੋੜ ਰੁਪਏ ਦੇ ਨਗਦ ਇਨਾਮ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ। ਇਸ ਦੀ ਸ਼ੁਰੂਆਤ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ 29 ਅਗਸਤ ਵਾਲੇ ਦਿਨ ਹੋਵੇਗੀ ਜਿਸ ਦਿਨ ਸਾਡਾ ਕੌਮੀ ਖੇਡ ਦਿਵਸ ਵੀ ਹੁੰਦਾ ਹੈ। ਖੇਡ ਮੇਲੇ ਦੇ ਉਦਘਾਟਨ ਜਾਂ ਸਮਾਪਤੀ ਸਮਾਰੋਹ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕਰਨਗੇ।

Exit mobile version