The Khalas Tv Blog Punjab ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਨੂੰ ਦਿੱਤਾ ਜਵਾਬ! “ਸੀਐਮ ਸਾਹਿਬ ਨੂੰ ਮੇਰੇ ਤੋਂ ਡਰਨ ਦੀ ਕੀ ਲੋੜ?”
Punjab

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਨੂੰ ਦਿੱਤਾ ਜਵਾਬ! “ਸੀਐਮ ਸਾਹਿਬ ਨੂੰ ਮੇਰੇ ਤੋਂ ਡਰਨ ਦੀ ਕੀ ਲੋੜ?”

ਬਿਉਰੋ ਰਿਪੋਰਟ: ਪੰਜਾਬ ਦੇ ਰਾਜਪਾਲ ਬਨਵਾਲੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਉਨ੍ਹਾਂ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਯੂਨੀਵਰਸਿਟੀ ਦਾ ਚਾਂਸਲਰ ਹਾਂ ਪਰ ਸੀਐਮ ਸਾਹਿਬ ਨੂੰ ਇਹ ਪਸੰਦ ਨਹੀਂ ਆਇਆ। ਸੀਐਮ ਗਵਰਨਰ ਦੀ ਥਾਂ ਖ਼ੁਦ ਚਾਂਸਲਰ ਬਣਨਾ ਚਾਹੁੰਦੇ ਹਨ। ਮੈਨੂੰ ਹਟਾਉਣ ਲਈ ਵਿਧਾਨ ਸਭਾ ਵਿੱਚ ਸਪੈਸ਼ਲ ਬਿੱਲ ਲਿਆਂਦਾ ਗਿਆ ਪਰ ਰਾਸ਼ਟਰਪਤੀ ਨੇ ਉਹ ਬਿੱਲ ਰੱਦ ਕਰ ਦਿੱਤਾ। ਸੀਐਮ ਨਹੀਂ ਚਾਹੁੰਦੇ ਕਿ ਮੈਂ ਗਵਰਨਰ ਰਹਾਂ। ਮੈਂ ਇਸੇ ਕਰਕੇ ਹੀ ਅਸਤੀਫ਼ਾ ਦਿੱਤਾ ਸੀ। ਸੀਐਮ ਦੀ ਨਾਰਾਜ਼ਗੀ ਦਾ ਕੋਈ ਕਾਰਨ ਨਹੀਂ, ਤੇ ਨਾ ਹੀ ਹੋਣਾ ਚਾਹੀਦਾ ਹੈ।

ਰਾਜਪਾਲ ਨੇ ਕਿਹਾ ਕਿ CM ਸਾਹਿਬ ਨੂੰ ਮੇਰੇ ਤੋਂ ਡਰਨ ਦੀ ਕੀ ਲੋੜ ਹੈ? ਮੇਰੀ ਤਾਂ ਲੀਡਰਾਂ ਨਾਲ ਮਹੀਨਾ-ਮਹੀਨਾ ਗੱਲ ਨਹੀਂ ਹੁੰਦੀ, ਮੇਰੀ ਗੱਲ ਪੀਐਮ ਜਾਂ ਗ੍ਰਹਿ ਮੰਤਰੀ ਨਾਲ ਹੁੰਦੀ ਹੈ। ਮੇਰੇ ਮਨ ’ਚ ਰਾਜਨੀਤੀ ਨਹੀਂ, ਮੈਂ ਸਭ ਨੂੰ ਮਿਲਦਾ ਹਾਂ। ਮੇਰੇ ਕੋਲ ਸਮੱਸਿਆਵਾਂ ਲੈ ਕੇ ਬੀਜੇਪੀ ਵਾਲੇ ਵੀ ਆਉਂਦੇ ਹਨ, ਕਾਂਗਰਸ ਵਾਲੇ ਵੀ ਤੇ ਆਪ ਵਾਲੇ ਵੀ, ਇੱਥੇ ਕੋਈ ਸਮੱਸਿਆ ਹੀ ਨਹੀਂ ਹੈ।

ਦੱਸ ਦੇਈਏ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਦੇ ਰਾਜਪਾਲ ਉਨ੍ਹਾਂ ਦੀ ਅੱਧੀ ਸਰਕਾਰ ਨਾਲ ਲੈ ਕੇ ਪੰਜਾਬ ਦੇ ਦੌਰੇ ਕਰਨ ਚਲੇ ਜਾਂਦੇ ਹਨ, ਜਿੱਥੇ ਬੀਜੇਪੀ ਦੀਆਂ ਸਰਕਾਰਾਂ ਹਨ, ਉੱਥੋਂ ਦੇ ਰਾਜਪਾਲ ਆਪਣੇ ਸੂਬਿਆਂ ਦਾ ਦੌਰਾ ਕਿਉਂ ਨਹੀਂ ਕਰਦੇ? ਉਨ੍ਹਾਂ ਨੇ ਹੋਰ ਕਈ ਗੱਲਾਂ ਬਾਰੇ ਵੀ ਰਾਜਪਾਲ ਨੂੰ ਨਿਸ਼ਾਨੇ ’ਤੇ ਲਿਆ ਸੀ। ਇਸ ਦੇ ਜਵਾਬ ਵਿੱਚ ਹੀ ਅੱਜ ਰਾਜਪਾਲ ਪੁਰੋਹਿਤ ਨੇ ਮੀਡੀਆ ਦੇ ਜ਼ੀਰਏ ਸੀਐਮ ਨੂੰ ਜਵਾਬ ਦਿੱਤਾ ਹੈ।

ਭਾਰਤ ਨਾਲ ਡਰੱਗ ਵਾਰ ਕਰ ਰਿਹਾ ਪਾਕਿਸਤਾਨ – ਰਾਜਪਾਲ

ਪੰਜਾਬ ਵਿੱਚ ਆਪਣੇ ਸਰਹੱਦੀ ਦੌਰਿਆਂ ਦਾ ਜ਼ਿਕਰ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਪੰਜਾਬ ਇੱਕ ਬਾਰਡਰ ਸਟੇਟ ਹੈ। ਮੈਂ ਪੰਜਾਬ ਦੇ ਬਾਰਡਰ ਦਾ ਸੱਤਵਾਂ ਦੌਰਾ ਕੀਤਾ ਹੈ। ਇਹ ਮੇਰੀ ਸੰਵਿਧਾਨਿਕ ਜ਼ਿੰਮੇਵਾਰੀ ਹੈ। ਮੈਂ ਸੰਵਿਧਾਨ ਦੀ ਸਹੁੰ ਖਾਧੀ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੀ ਸਾਡੇ ਨਾਲ ਸਿੱਧੇ ਲੜਾਈ ਲੜਨ ਦੀ ਹਿੰਮਤ ਨਹੀਂ ਹੈ। ਇਸ ਲਈ ਪਾਕਿਸਤਾਨ ਡਰੱਗ ਵਾਰ ਕਰ ਰਿਹਾ ਹੈ। ਪਾਕਿਸਤਾਨ ਸਾਡੇ ਨੌਜਵਾਨਾਂ ਨੂੰ ਨਸ਼ੇ ਦੇ ਆਦੀ ਬਣਾਉਣਾ ਚਾਹੁੰਦਾ ਹੈ।

ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵੱਲੋਂ ਸਰਹੱਦਾਂ ਰਾਹੀਂ ਭਾਰਤ ਵਿੱਚ ਅੱਤਵਾਦੀ ਭੇਜੇ ਜਾ ਰਹੇ ਹਨ। ਸਾਡੀ ਅਗਲੀ ਪੀੜ੍ਹੀ ਨੂੰ ਨਸ਼ਿਆਂ ਦੇ ਆਦੀ ਬਣਾਉਣਾ ਹੀ ਪਾਕਿਸਤਾਨ ਦੀ ਰਣਨੀਤੀ ਹੈ। ਪਹਿਲਾਂ ਸਰਹੱਦਾਂ ਰਾਹੀਂ ਨਸ਼ਾ ਭੇਜਿਆ ਜਾਂਦਾ ਸੀ, ਪਰ ਜਦੋਂ ਅਸੀਂ ਸਰਹੱਦਾਂ ਸੀਲ ਕਰ ਦਿੱਤੀਆਂ, ਸੁਰੱਖਿਆ ਵਧਾ ਦਿੱਤਾ ਤਾਂ ਹੁਣ ਡਰੋਨ ਨਾਲ ਨਸ਼ਾ ਭੇਜਿਆ ਜਾ ਰਿਹਾ ਹੈ। ਡਰੋਨ ਕਦੀ ਵੀ ਆ ਜਾਂਦੇ ਹਨ। ਕੁਝ ਫੜੇ ਜਾ ਰਹੇ ਹਨ ਤੇ ਅਸੀਂ ਨਹੀਂ ਜਾਣਦੇ ਕਿ ਕਿੰਨੇ ਨਹੀਂ ਫੜੇ ਜਾਂਦੇ।

ਸਰਹੱਦੀ ਇਲਾਕਿਆਂ ਵਿੱਚ ਤਾਲਮੇਲ ਦੀ ਕਮੀ – ਰਾਜਪਾਲ

ਉਨ੍ਹਾਂ ਕਿਹਾ ਕਿ ਪੰਜਾਬ ਪਾਕਿਸਤਾਨ ਦੀ ਸਰਹੱਦ ਨਾਲ ਲੱਗਾ ਹੈ ਜੋ ਬੇਹੱਦ ਨਾਜ਼ੁਕ ਇਲਾਕਾ ਹੈ। ਮੈਂ ਆਪਣੇ ਦੌਰਿਆਂ ਦੌਰਾਨ ਮਹਿਸੂਸ ਕੀਤਾ ਕਿ ਇੱਥੇ ਤਾਲਮੇਲ ਦੀ ਕਮੀ ਹੈ। ਇਲਾਕੇ ਜੇ ਲੋਕ ਡਰੇ ਹੋਏ ਸਨ। ਪਿੰਡਾਂ ਵਿੱਚ ਨੂੰ ਸਭ ਪਤਾ ਹੁੰਦਾ ਕਿ ਕੌਣ ਪਿੰਡ ਵਿੱਚ ਨਸ਼ਾ ਵੇਚਦਾ ਹੈ, ਪਰ ਕੋਈ ਦੱਸਣ ਦੀ ਹਿੰਮਤ ਨਹੀਂ ਕਰਦਾ। ਇਸ ਲਈ ਸਰਹੱਦੀ ਇਲਾਕੇ ਵਿੱਚੋਂ ਨਸ਼ਾ ਖ਼ਤਮ ਕਰਨ ਲਈ ਸਾਰੀਆਂ ਏਜੰਸੀਆਂ ਦਾ ਤਾਲਮੇਲ ਜ਼ਰੂਰੀ ਹੈ। ਏਜੰਸੀਆਂ ਦੇ ਕਹਿਣ ’ਤੇ ਹੀ ਸਰਹੱਦੀ ਇਲਾਕੇ ਵਿੱਚ ਕੈਮਰੇ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਵਿੱਚ ਕੁਤਾਹੀ ਨਹੀਂ ਵਰਤੀ ਜਾ ਸਕਦੀ।

ਇਸ ਦੌਰਾਨ ਉਨ੍ਹਾਂ ਖ਼ੁਲਾਸਾ ਕੀਤਾ ਕਿ ਪੰਜਾਬ ਦੇ ਸਰਹੱਦੀ ਇਲਾਕੇ ਵਿੱਚੋਂ ਨਸ਼ੇ ਦੇ ਖ਼ਾਤਮੇ ਲਈ ਕੇਂਦਰੀ ਏਜੰਸੀਆਂ ਦੀ ਮਦਦ ਲਈ ਗਈ ਜਿਨ੍ਹਾਂ ਵਿੱਚ ਫੌਜ, BSF, NIA, NCRB, IB, SB, ਮਿਲਟਰੀ ਇੰਟੈਲੀਜੈਂਸ ਤੇ DGP ਪੰਜਾਬ, ਜ਼ਿਲ੍ਹਾ ਪੱਧਰ ਦੇ ਵੀ ਅਫ਼ਸਰ ਸ਼ਾਮਲ ਹਨ। ਇਨ੍ਹਾਂ ਸਾਰੀਆਂ ਏਜੰਸੀਆਂ ਨੂੰ ਨਾਲ ਲੈ ਕੇ ਰਣਨੀਤੀ ਬਣਾਈ ਗਈ ਤੇ ਹਰ ਜ਼ਿਲ੍ਹੇ ਵਿੱਚ ਕੇਂਦਰੀ ਏਜੰਸੀਆਂ, ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੀ ਮਹੀਨਾਵਾਰ ਮੀਟਿੰਗ ਦੇ ਨਿਰਦੇਸ਼ ਦਿੱਤੇ ਗਏ ਜਿਨ੍ਹਾਂ ਵਿੱਚ ਰਾਜਪਾਲ ਖ਼ੁਦ ਸ਼ਾਮਲ ਹੁੰਦੇ ਹਨ।

ਨਸ਼ਿਆਂ ਖ਼ਿਲਾਫ਼ ਸਾਥ ਦੇਣ ਵਾਲੇ ਪਿੰਡਾਂ ਨੂੰ ਲੱਖਾਂ ਦੇ ਇਨਾਮ

ਰਾਜਪਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਏਜੰਸੀਆਂ ਦੀ ਮਦਦ ਨਾਲ ਪੂਰਾ ਬਾਰਡਰ ਸੁਰੱਖਿਅਤ ਕੀਤਾ ਗਿਆ ਪਰ ਡਰੋਨ ਇੱਕ ਵੱਡੀ ਚੁਣੌਤੀ ਸੀ, ਇਸ ਲਈ ਬਾਰਡਰ ਤੋਂ ਲੈ ਕੇ 15 ਕਿਮੀ ਤੱਕ ਹਰ ਪਿੰਡ ਵਿੱਚ ਵਿਲੇਜ ਡਿਫੈਂਸ ਕਮੇਟੀ ਬਣਾਈ ਗਈ। ਜੋ ਆਪਣਾ ਕੰਮ ਕਰ ਰਹੇ ਹਨ। ਇਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਗਵਰਨਰ ਫੰਡ ਵਿੱਚੋਂ ਇਨਾਮੀ ਰਾਸ਼ੀ ਵੀ ਐਲਾਨੀ ਗਈ ਹੈ।

ਇਸ ਮੁਤਾਬਕ ਜੋ ਸਰਹੱਦ ਪਾਰੋਂ ਪਿੰਡ ਪੰਜਾਬ ਵਿੱਚ ਨਸ਼ਾ ਤਸਕਰ ਕਰਨ ਵਾਲਾ ਡਰੋਨ ਫੜੇਗਾ, ਤੇ ਨਸ਼ੇ ਬਾਰੇ ਦੱਸੇਗਾ, ਉਨ੍ਹਾਂ ਨੂੰ ਹਰ ਜ਼ਿਲ੍ਹੇ ਵਿੱਚ 3 ਇਨਾਮ ਦਿੱਤੇ ਜਾਣਗੇ। ਪਹਿਲਾ ਇਨਾਮ 3 ਲੱਖ, ਦੂਜਾ ਇਨਾਮ 2 ਲੱਖ ਤੇ ਤੀਜਾ ਇਨਾਮ ਇੱਕ ਲੱਖ। ਪਿਛਲੀ ਵਾਰ 26 ਜਨਵਰੀ ਨੂੰ ਇਹ ਇਨਾਮ ਦਿੱਤੇ ਗਏ ਹਨ। ਇਸ ਤੋਂ ਸਾਬਿਤ ਹੁੰਦਾ ਹੈ ਕਿ ਇਸ ਦੇ ਚੰਗੇ ਨਤੀਜੇ ਆ ਰਹੇ ਹਨ। ਜ਼ਿਲ੍ਹਾ ਪੱਧਰ ਤੇ ਕਈ ਕਮੇਟੀਆਂ ਦੇ 3-4000 ਮੈਂਬਰ ਬਣ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਹੁਣ ਰਾਜਪਾਲ ਫੰਡ ਵਿੱਚੋਂ ਹੋਰ ਇਨਾਮ ਐਲਾਨੇ ਗਏ ਹਨ। ਜਿਸ ਪਿੰਡ ਵਿੱਚ ਨਸ਼ਾ ਬਿਲਕੁਲ ਖ਼ਤਮ ਹੋਏਗਾ, ਉਸ ਨੂੰ 3 ਲੱਖ , 2 ਲੱਖ ਤੇ 1 ਲੱਖ ਦੇ ਇਨਾਮ ਦਿੱਤੇ ਜਾਣਗੇ। ਇਹ ਇਨਾਮ ਹਰ ਸਰਹੱਦੀ ਜ਼ਿਲ੍ਹੇ ਵਿੱਚ ਐਲਾਨੇ ਜਾਣਗੇ।

Exit mobile version