ਬਿਉਰੋ ਰਿਪੋਰਟ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ਼ ਆਰ-ਪਾਰ ਦੀ ਲੜਾਈ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ । ਰਾਜਪਾਲ ਨੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੀ ਚਿੱਠੀ ਦੇ ਜਵਾਬ ਨੂੰ ਗੈਰ ਸੰਵਿਧਾਨਿਕ ਕਰਾਰ ਦਿੱਤਾ ਹੈ । ਉਨ੍ਹਾਂ ਨੇ ਕਿਹਾ ਟਵੀਟ ਅਤੇ ਪੱਤਰ ਵਿੱਚ ਜਿਸ ਤਰ੍ਹਾਂ ਦੀ ਭਾਸ਼ਾ ਮੁੱਖ ਮੰਤਰੀ ਨੇ ਲਿਖੀ ਹੈ ਉਹ ਬਹੁਤ ਹੀ ਅਪਮਾਨਜਨਕ ਹੈ । ਜਿਸ ਦੀ ਵਜ੍ਹਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਉਨ੍ਹਾਂ ਖਿਲਾਫ਼ ਕਾਰਵਾਈ ਦੇ ਲਈ ਮਜ਼ਬੂਰ ਕੀਤਾ ਹੈ । ਰਾਜਪਾਲ ਪੁਰੋਹਿਤ ਨੇ ਕਿਹਾ ਇਸ ਬਾਰੇ ਉਹ ਕਾਨੂੰਨੀ ਮਾਹਿਰਾਂ ਤੋਂ ਸਲਾਹ ਲੈ ਰਹੇ ਹਨ। ਉਸ ਤੋਂ ਬਾਅਦ ਹੀ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਬਜਟ ਇਜਲਾਸ ਦੀ ਮਨਜ਼ੂਰੀ ਦੇਣਗੇ । ਰਾਜਪਾਲ ਨੇ ਸਰਕਾਰ ਨੂੰ ਇਹ ਪੱਤਰ ਕੈਬਨਿਟ ਵੱਲੋਂ 3 ਮਾਰਚ ਨੂੰ ਬਜਟ ਸੈਸ਼ਨ ਸ਼ੁਰੂ ਕਰਨ ਦੀ ਇਜਾਜ਼ਤ ਮੰਗਣ ਦੇ ਜਵਾਬ ਵਿੱਚ ਦਿੱਤਾ ਹੈ । ਇਸ ਦਾ ਮਤਲਬ ਇਹ ਹੈ ਕਿ ਭਗਵੰਤ ਮਾਨ ਸਰਕਾਰ ਨੇ 3 ਮਾਰਚ ਨੂੰ ਜਿਹੜਾ ਬਜਟ ਇਜਲਾਸ ਸੱਦਿਆ ਹੈ ਉਸ ਨੂੰ ਲੈਕੇ ਸਸਪੈਂਸ ਬਣਿਆ ਹੋਇਆ ਹੈ। ਹੋ ਸਕਦਾ ਹੈ ਕਿ ਰਾਜਪਾਲ ਕਿਸੇ ਕਾਨੂੰਨੀ ਸ਼ਕਤੀ ਦੀ ਵਰਤੋਂ ਕਰਕੇ ਬਜਟ ਇਜਲਾਸ ਦੀ ਮਨਜ਼ੂਰੀ ਨਾ ਦੇਣ । ਇਹ ਵੀ ਹੋ ਸਕਦਾ ਹੈ ਕਿ 3 ਮਾਰਚ ਨੂੰ ਰਾਜਪਾਲ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਭਾਸ਼ਣ ਨੂੰ ਨਾ ਪੜ ਕੇ ਆਪਣੇ ਵੱਲੋਂ ਵਿਧਾਨਸਭਾ ਨੂੰ ਸੰਬੋਧਨ ਕਰਨ। ਇਹ ਇਸ ਲਈ ਹੋ ਸਕਦਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਤਮਿਲਨਾਡੂ ਦੇ ਰਾਜਪਾਲ ਨੇ ਵੀ ਅਜਿਹਾ ਹੀ ਕੀਤਾ ਸੀ । DMK ਸਰਕਾਰ ਵੱਲੋਂ ਦਿੱਤੇ ਗਏ ਭਾਸ਼ਣ ਨੂੰ ਰਾਜਪਾਲ ਨੇ ਨਾ ਪੜ ਕੇ ਆਪਣੇ ਵੱਲੋਂ ਵਿਧਾਨਸਭਾ ਦੇ ਬਜਟ ਇਜਲਾਸ ਨੂੰ ਸੰਬੋਧਿਕ ਕੀਤਾ ਸੀ । ਜਿਸ ਨੂੰ ਲੈਕੇ ਰਾਜ ਸਰਕਾਰ ਅਤੇ ਰਾਜਪਾਲ ਵਿੱਚ ਵੱਡਾ ਟਕਰਾਅ ਵੇਖਿਆ ਗਿਆ ਸੀ । ਵੈਸੇ ਹਰ ਵਾਰ ਇਹ ਹੁੰਦਾ ਹੈ ਕਿ ਸੂਬਿਆਂ ਵਿੱਚ ਰਾਜਪਾਲ ਸਰਕਾਰ ਦੇ ਭਾਸ਼ਣ ਨੂੰ ਪੜ ਦਾ ਹੈ ਅਤੇ ਕੇਂਦਰ ਵਿੱਚ ਰਾਸ਼ਟਰਪਤੀ ਕੇਂਦਰ ਸਰਕਾਰ ਦੇ ਕੰਮਾਂ ਬਾਰੇ ਜਾਣਕਾਰੀ ਦਿੰਦਾ ਹੈ।
ਭਗਵੰਤ ਮਾਨ ਦਾ ਜਵਾਬ ਜਿਸ ‘ਤੇ ਨਰਾਜ਼ ਰਾਜਪਾਲ
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ 4 ਸਵਾਲ ਪੁੱਛੇ ਸਨ । ਜਿਸ ਵਿੱਚ ਸਭ ਤੋਂ ਵੱਡਾ ਸਵਾਲ ਸੀ ਸਿੰਗਾਪੁਰ ਭੇਜਣ ਲਈ ਪ੍ਰਿੰਸੀਪਲਾਂ ਨੂੰ ਕਿਸ ਆਧਾਰ ‘ਤੇ ਚੁਣਿਆ ਗਿਆ,ਇਸ ਦੀ ਡਿਟੇਲ ਮੰਗੀ ਗਈ ਸੀ । ਜਿਸ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਟਵੀਟ ਅਤੇ ਪੱਤਰ ਲਿੱਖ ਕੇ ਕਿਹਾ ਸੀ ਕਿ ‘ਭਾਰਤੀ ਸੰਵਿਧਾਨ ਅਨੁਸਾਰ ਮੈਂ ਅਤੇ ਮੇਰੀ ਸਰਕਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੈ। ਤੁਸੀਂ ਪੁੱਛਿਆ ਹੈ ਕਿ ਸਿੰਗਾਪੁਰ ਵਿਖੇ ਟੇਨਿੰਗ ਲਈ ਪ੍ਰਿੰਸੀਪਲਾਂ ਦੀ ਚੋਣ ਕਿਸ ਅਧਾਰ ‘ਤੇ ਕੀਤੀ ਗਈ ਹੈ। ਪੰਜਾਬ ਦੇ ਵਾਸੀ ਇਹ ਪੁੱਛਣਾ ਚਾਉਂਦੇ ਹਨ ਕਿ ਭਾਰਤੀ ਸੰਵਿਧਾਨ ਵਿੱਚ ਕਿਸੇ ਸਪਸ਼ਟ ਯੋਗਤਾ ਦੀ ਅਣਹੋਂਦ ਵਿੱਚ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਰਾਜਾਂ ਵਿੱਚ ਰਾਜਪਾਲ ਕਿਸ ਅਧਾਰ ‘ਤੇ ਚੁਣੇ ਜਾਂਦੇ ਹਨ ? ਕਿਰਪਾ ਕਰਕੇ ਇਹ ਵੀ ਦੱਸਕੇ ਪੰਜਾਬੀਆਂ ਦੀ ਜਾਣਕਾਰੀ ਵਿੱਚ ਵਾਧਾ ਕੀਤਾ ਜਾਵੇ।’
ਰਾਜਪਾਲ ਵੱਲੋਂ ਪੁੱਛੇ ਗਏ ਸਵਾਲ
ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ਦੇ ਮਾਮਲੇ ‘ਚ ਸ਼ਿਕਾਇਤ
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਸੀ ਕਿ ਮੈਨੂੰ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ਦੇ ਮਾਮਲੇ ਵਿੱਚ ਸ਼ਿਕਾਇਤ ਮਿਲੀ ਹੈ । ਜਿਸ ਵਿੱਚ ਦੱਸਿਆ ਗਿਆ ਹੈ ਕਿ ਪ੍ਰਿੰਸੀਪਲਾਂ ਦੀ ਚੋਣ ਵਿੱਚ ਗੜਬੜੀ ਹੋਈ ਹੈ ।ਜਿਸ ਵਿੱਚ ਪਿੰਸੀਪਲਾਂ ਦੀ ਚੋਣ ਨਿਰਪੱਖ ਨਾ ਹੋਣ ‘ਤੇ ਸਵਾਲ ਚੁੱਕੇ ਗਏ ਹਨ। ਇਸ ਲਈ ਮੈਂ ਤੂਹਾਨੂੰ ਦਰਖਾਸਤ ਕਰਦਾ ਹਾਂ ਕਿ ਮੈਨੂੰ ਪੂਰਾ ਖਾਕਾ ਭੇਜੋ ਕੀ ਆਖਿਰ ਕਿਵੇਂ ਸਿੰਗਾਪੁਰ ਭੇਜਣ ਵਾਲੇ ਪ੍ਰਿੰਸੀਪਲਾਂ ਦੀ ਚੋਣ ਹੋਈ ਹੈ ? ਕੀ ਇਸ ਦੇ ਲਈ ਪੂਰੇ ਪੰਜਾਬ ਤੋਂ ਪ੍ਰਿੰਸੀਪਲਾਂ ਦੀ ਚੋਣ ਕੀਤੀ ਗਈ ਹੈ ? ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ । ਇਸ ਤੋਂ ਇਲਾਵਾ ਪ੍ਰਿੰਸੀਪਲਾਂ ਨੂੰ ਬਾਹਰ ਭੇਜਣ ‘ਤੇ ਹੋਏ ਖਰਚੇ ਦਾ ਬਿਊਰਾ ਵੀ ਦਿੱਤਾ ਜਾਵੇ ?
ਕਿਡਨੈਪਰ ਨੂੰ ਕਿਵੇਂ ਬੋਰਡ ਦਾ ਚੇਅਰਮੈਨ ਬਣਾਇਆ ਗਿਆ
ਰਾਜਪਾਲ ਨੇ ਗੁਰਿੰਦਰਜੀਤ ਸਿੰਘ ਨੂੰ ਪੰਜਾਬ ਇਨਫੋਮੇਸ਼ਨ ਐਂਡ ਕਮਿਉਨੀਕੇਸ਼ਨ ਐਂਡ ਟੈਕਨਾਲਿਜੀ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕਰਨ ‘ਤੇ ਸਵਾਲ ਚੁੱਕੇ ਸਨ । ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਗੁਰਿੰਦਰਜੀਤ ਸਿੰਘ ਕਿਡਨੈਪਿੰਗ ਅਤੇ ਜ਼ਮੀਨ ਹੜਪਨ ਦੇ ਕੇਸ ਵਿੱਚ ਪੇਸ਼ ਹੋ ਚੁੱਕੇ ਹਨ। ਅਜਿਹੇ ਲੋਕਾਂ ਦੀ ਕਿਵੇਂ ਬੋਰਡ ਦੇ ਚੇਅਰਮੈਨ ਵਜੋ ਨਿਯੁਕਤੀ ਕੀਤੀ ਗਈ ਹੈ। ਇਸ ਬਾਰੇ ਮੈਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ।
ਕੁਲਦੀਪ ਚਾਹਲ ਨੂੰ ਕਿਵੇਂ ਕਮਿਸ਼ਨਰ ਬਣਾਇਆ
ਇਸ ਤੋਂ ਇਲਾਵਾ ਰਾਜਪਾਲ ਨੇ ਮੁੱਖ ਮੰਤਰੀ ਮਾਨ ਨੂੰ ਚੰਡੀਗੜ੍ਹ ਦੇ ਸਾਬਕਾ ਐੱਸਪੀ ਕੁਲਦੀਪ ਚਾਹਲ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਨਿਯੁਕਤ ਕਰਨ ਨੂੰ ਲੈਕੇ ਵੀ ਸਵਾਲ ਚੁੱਕੇ ਸਨ । ਉਨ੍ਹਾਂ ਨੇ ਕਿਹਾ ਚਾਹਲ ਨੂੰ ਚੰਡੀਗੜ੍ਹ ਵਿੱਚ ਗੜਬੜੀ ਦੇ ਲਈ ਹਟਾਇਆ ਗਿਆ ਸੀ ਇਸ ਦੇ ਬਾਵਜੂਦ ਉਸ ਦਾ ਪ੍ਰਮੋਸ਼ਨ ਕਰਕੇ ਉਸ ਨੂੰ ਜਲੰਧਰ ਦਾ ਕਮਿਸ਼ਨ ਬਣਾਇਆ ਗਿਆ,ਉਹ ਵੀ ਉਦੋ ਜਦੋਂ ਤੁਹਾਨੂੰ ਪਤਾ ਸੀ ਕਿ ਮੈਂ ਜਲੰਧਰ ਵਿੱਚ 26 ਜਨਵਰੀ ਨੂੰ ਝੰਡਾ ਫਹਿਰਾਉਣ ਦੀ ਰਸਮ ਅਦਾਇਗੀ ਕਰਨ ਜਾ ਰਿਹਾ ਹਾਂ । ਅਜਿਹਾ ਲੱਗ ਦਾ ਹੈ ਕਿ ਚਾਹਲ ਤੁਹਾਡਾ ਨਜ਼ਦੀਕੀ ਹੈ ਜਿਸ ਦੇ ਸਾਰੇ ਮਾੜੇ ਕੰਮਾਂ ਨੂੰ ਤੁਸੀਂ ਨਜ਼ਰ ਅੰਦਾਜ ਕਰ ਰਹੇ ਹੋ।