ਬਿਉਰੋ ਰਿਪੋਰਟ: ਅੱਜ ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਨੇ ਹਰਿਆਣਾ-ਪੰਜਾਬ ਦੇ ਖਨੌਰੀ ਸਰਹੱਦ ’ਤੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਪੰਜਾਬ ਪੁਲਿਸ ਡੱਲੇਵਾਲ ਨੂੰ ਰਿਹਾਅ ਕਰਨ ਲਈ ਰਾਜ਼ੀ ਹੋ ਗਈ। ਜਿਸ ਤੋਂ ਬਾਅਦ ਕਿਸਾਨ ਡੱਲੇਵਾਲ ਨੂੰ ਲੈਣ ਲਈ ਖਨੌਰੀ ਸਰਹੱਦ ਤੋਂ ਲੁਧਿਆਣਾ ਲਈ ਰਵਾਨਾ ਹੋ ਗਏ ਹਨ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਡੀ ਹਾਲੇ ਤੱਕ ਡੱਲੇਵਾਲ ਨਾਲ ਗੱਲ ਨਹੀਂ ਹੋਈ ਪਰ ਅਧਿਕਾਰੀਆਂ ਨੇ ਉਨ੍ਹਾਂ ਦੀ ਸਿਹਤ ਠੀਕ ਹੋਣ ਦੀ ਗੱਲ ਕਹੀ ਹੈ। ਸਾਡੀ ਪੰਜਾਬ ਸਰਕਾਰ ਤੋਂ ਇੱਕ ਹੀ ਮੰਗ ਸੀ ਕਿ ਡੱਲੇਵਾਲ ਨੂੰ ਰਿਹਾਅ ਕੀਤਾ ਜਾਵੇ। ਸਰਕਾਰ ਨੇ ਉਨ੍ਹਾਂ ਦੀ ਮੰਗ ਮੰਨ ਲਈ ਹੈ। ਉਹ ਖਨੌਰੀ ਸਰਹੱਦ ’ਤੇ ਮੋਰਚੇ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦਾ ਮਰਨ ਵਰਤ ਜਾਰੀ ਰਹੇਗਾ। ਡੱਲੇਵਾਲ ਦੇ ਆਉਣ ਤੋਂ ਬਾਅਦ 1 ਦਸੰਬਰ ਦੇ ਧਰਨੇ ਸਬੰਧੀ ਫੈਸਲਾ ਲਿਆ ਜਾਵੇਗਾ।
ਦਰਅਸਲ 26 ਨਵੰਬਰ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਸਰਹੱਦ ’ਤੇ ਆਪਣਾ ਮਰਨ ਵਰਤ ਸ਼ੁਰੂ ਕਰਨਾ ਸੀ। ਇਸ ਤੋਂ ਪਹਿਲਾਂ ਰਾਤ 2 ਵਜੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਉਸ ਨੂੰ ਖਨੌਰੀ ਬਾਰਡਰ ’ਤੇ ਇੱਕ ਟੈਂਟ ਤੋਂ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਿਜਾਇਆ ਗਿਆ।
ਇਸ ਮਗਰੋਂ ਕਿਸਾਨਾਂ ਨੇ ਖਨੌਰੀ ਸਰਹੱਦ ’ਤੇ ਮੀਟਿੰਗ ਕੀਤੀ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸਾਬਕਾ ਫੌਜੀ ਸੁਖਜੀਤ ਸਿੰਘ ਹਰਦੋਝੰਡੇ ਖਨੌਰੀ ਸਰਹੱਦ ’ਤੇ ਮਰਨ ਵਰਤ ’ਤੇ ਬੈਠਣਗੇ। ਉਨ੍ਹਾਂ ਦੇ ਮਰਨ ਵਰਤ ਦਾ ਅੱਜ ਚੌਥਾ ਦਿਨ ਹੈ।
ਡੱਲੇਵਾਲ ਨੂੰ ਲੈ ਕੇ ਚਿੰਤਤ ਸੀ ਪੰਜਾਬ ਸਰਕਾਰ – ਆਈਜੀ
ਕਿਸਾਨ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਆਈਜੀ ਜਸਕਰਨ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਰਹੀ ਹੈ। ਜਲਦੀ ਹੀ ਕਿਸਾਨ ਆਗੂ ਉਨ੍ਹਾਂ ਨੂੰ ਖਨੌਰੀ ਸਰਹੱਦ ’ਤੇ ਲੈ ਕੇ ਆਉਣਗੇ। ਪੰਜਾਬ ਸਰਕਾਰ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਤ ਸੀ। ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਵੀ ਪੜਾਅ ’ਤੇ ਕੋਈ ਸਮੱਸਿਆ ਆਉਂਦੀ ਹੈ ਤਾਂ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾਵੇਗੀ।