The Khalas Tv Blog Punjab ਪੰਜਾਬ ਸਰਕਾਰ ਨੇ ਕੱਢੀਆਂ ਬੰਪਰ ਨੌਕਰੀਆਂ! ਸਿੱਧੀ ਭਰਤੀ ਲਈ 1721 ਤੇ ਤਰੱਕੀ ਲਈ 536 ਅਸਾਮੀਆਂ
Punjab

ਪੰਜਾਬ ਸਰਕਾਰ ਨੇ ਕੱਢੀਆਂ ਬੰਪਰ ਨੌਕਰੀਆਂ! ਸਿੱਧੀ ਭਰਤੀ ਲਈ 1721 ਤੇ ਤਰੱਕੀ ਲਈ 536 ਅਸਾਮੀਆਂ

ਪੰਜਾਬ ਸਰਕਾਰ ਦਿਵਿਆਂਗ ਵਿਅਕਤੀਆਂ ਲਈ ਖਾਲੀ ਰਾਖ਼ਵੀਆਂ ਅਸਾਮੀਆਂ ਨੂੰ ਭਰਨ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ। ਆਰ.ਪੀ.ਡਬਲਿਊ.ਡੀ. ਐਕਟ 2016 ਦੀ ਧਾਰਾ 34 ਤਹਿਤ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਸਿੱਧੀ ਭਰਤੀ ਤੇ ਤਰੱਕੀ, ਦੋਵਾਂ ਵਿੱਚ ਪੀ.ਡਬਲਯੂ.ਡੀ. ਲਈ 4 ਫੀਸਦੀ ਰਾਖਵਾਂਕਰਨ ਰੱਖਿਆ ਗਿਆ ਹੈ।

ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਸਾਰੇ ਵਿਭਾਗਾਂ ਵਿੱਚ ਰੋਸਟਰ ਰਜਿਸਟਰ ਦੀ ਤਸਦੀਕ ਕਰਨ ਉਪਰੰਤ, ਦਿਵਿਆਂਗ ਵਿਅਕਤੀਆਂ ਲਈ ਰਾਖਵੀਆਂ ਅਸਾਮੀਆਂ ਦੇ ਬੈਕਲਾਗ ਦਾ ਪਤਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ, ਨਿਗਮਾਂ ਅਤੇ ਬੋਰਡਾਂ ਦੀਆਂ ਰਿਪੋਰਟਾਂ ਅਨੁਸਾਰ ਸਿੱਧੀ ਭਰਤੀ ਲਈ 1721 ਅਸਾਮੀਆਂ ਅਤੇ ਤਰੱਕੀ ਲਈ 536 ਅਸਾਮੀਆਂ ਉਪਲੱਬਧ ਹਨ।

ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਵਿਭਾਗ ਨੇ ਇਸ ਬੈਕਲਾਗ ਜਾਣਕਾਰੀ ਦੀ ਪੁਸ਼ਟੀ ਤੇ ਤਸਦੀਕ ਕਰਨ ਲਈ ਸੂਬੇ ਦੇ ਸਾਰੇ ਵਿਭਾਗਾਂ ਤੱਕ ਪਹੁੰਚ ਕੀਤੀ ਹੈ। ਇਸ ਉਪਰੰਤ ਇਹ ਡਾਟਾ ਇਹਨਾਂ ਅਸਾਮੀਆਂ ਲਈ ਯੋਗ ਵਿਅਕਤੀਆਂ ਦੀ ਭਰਤੀ ਲਈ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਭੇਜ ਦਿੱਤਾ ਜਾਵੇਗਾ।

87 ਵਿਭਾਗਾਂ, ਕਾਰਪੋਰੇਸ਼ਨਾਂ ਅਤੇ ਬੋਰਡਾਂ ਨੇ ਆਪਣੀ ਬੈਕਲਾਗ ਅਸਾਮੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਬਾਕੀ ਵਿਭਾਗਾਂ ਤੋਂ ਡਾਟਾ ਇਕੱਤਰ ਕਰਨ ਤੇ ਤਸਦੀਕ ਕਰਨ ਲਈ ਯਤਨ ਜਾਰੀ ਹਨ। ਸਭ ਤੋਂ ਵੱਧ ਬੈਕਲਾਗ ਅਸਾਮੀਆਂ ਵਾਲੇ ਵਿਭਾਗਾਂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਡਾਇਰੈਕਟਰ ਪਬਲਿਕ ਹਦਾਇਤਾਂ (ਐਲੀਮੈਂਟਰੀ), ਅਤੇ ਡਾਇਰੈਕਟਰ ਪਬਲਿਕ ਹਦਾਇਤਾਂ (ਸੈਕੰਡਰੀ) ਸ਼ਾਮਲ ਹਨ।

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ (ਅਪਾਹਜਤਾ ਸੈੱਲ) ਨੂੰ ਵਿਸ਼ੇਸ਼ ਤੌਰ ‘ਤੇ ਹਦਾਇਤ ਕੀਤੀ ਗਈ ਹੈ ਕਿ ਤਸਦੀਕੀ ਪ੍ਰਕਿਰਿਆ ਨੂੰ ਤੁਰੰਤ ਮੁਕੰਮਲ ਕੀਤਾ ਜਾਵੇ। ਇਸ ਪਹਿਲਕਦਮੀ ਨਾਲ ਇਹਨਾਂ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ ਅਤੇ ਪੰਜਾਬ ਵਿੱਚ ਦਿਵਿਆਂਗ ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਵਧਣਗੇ।

ਇਹ ਵੀ ਪੜ੍ਹੋ – ਲੁਧਿਆਣਾ ‘ਚ ਘਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Exit mobile version