ਬਿਊਰੋ ਰਿਪੋਰਟ (ਚੰਡੀਗੜ੍ਹ, 21 ਨਵੰਬਰ 2025): ਪੰਜਾਬ ਸਰਕਾਰ ਨੇ ਪੀ.ਸੀ.ਐੱਸ. (PCS) ਅਧਿਕਾਰੀ ਗੁਰਵਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਉਹ ਇਸ ਸਮੇਂ ਰੋਪੜ (ਰੂਪਨਗਰ) ਵਿੱਚ ਖੇਤਰੀ ਟਰਾਂਸਪੋਰਟ ਅਥਾਰਟੀ (RTO) ਦੇ ਅਹੁਦੇ ’ਤੇ ਤਾਇਨਾਤ ਸਨ।
ਅਧਿਕਾਰੀ ’ਤੇ ਇਲਜ਼ਾਮ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਸਬੰਧੀ ‘ਲਾਈਟ ਐਂਡ ਸਾਊਂਡ ਸ਼ੋਅ’ ਲਈ ਉਨ੍ਹਾਂ ਵੱਲੋਂ ਬੱਸਾਂ ਸਮੇਂ ਸਿਰ ਮੁਹੱਈਆ ਨਹੀਂ ਕਰਵਾਈਆਂ ਗਈਆਂ। ਇਸ ਦੇਰੀ ਕਾਰਨ ਸਰਕਾਰ ਨੇ ਉਨ੍ਹਾਂ ਖ਼ਿਲਾਫ਼ ਇਹ ਸਖ਼ਤ ਕਾਰਵਾਈ ਕੀਤੀ ਹੈ।

ਸਰਕਾਰ ਵੱਲੋਂ ਜਾਰੀ ਕੀਤੇ ਗਏ ਮੁਅੱਤਲੀ ਦੇ ਹੁਕਮਾਂ ਵਿੱਚ ਹੇਠ ਲਿਖੀਆਂ ਗੱਲਾਂ ਸ਼ਾਮਲ ਹਨ:
- ਗੁਰਵਿੰਦਰ ਸਿੰਘ ਜੋਹਲ (ਪੀ.ਸੀ.ਐੱਸ.), ਜੋ ਰੂਪਨਗਰ ਵਿੱਚ ਆਰ.ਟੀ.ਓ. ਹਨ, ਨੂੰ ਤੁਰੰਤ ਪ੍ਰਭਾਵ ਨਾਲ ਸਰਕਾਰੀ ਨੌਕਰੀ ਤੋਂ ਮੁਅੱਤਲ ਕੀਤਾ ਗਿਆ ਹੈ। ਇਹ ਕਾਰਵਾਈ ਪੰਜਾਬ ਸਿਵਲ ਸੇਵਾਵਾਂ ਨਿਯਮਾਂ ਤਹਿਤ ਕੀਤੀ ਗਈ ਹੈ।
- ਮੁਅੱਤਲੀ ਦੌਰਾਨ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਨਿਰਬਾਹ ਭੱਤਾ (Subsistence Allowance) ਦਿੱਤਾ ਜਾਵੇਗਾ।
- ਮੁਅੱਤਲੀ ਦੀ ਮਿਆਦ ਦੌਰਾਨ ਉਨ੍ਹਾਂ ਦਾ ਮੁੱਖ ਦਫ਼ਤਰ ਚੰਡੀਗੜ੍ਹ ਰਹੇਗਾ ਅਤੇ ਉਹ ਪ੍ਰਵਾਨਗੀ ਤੋਂ ਬਿਨਾਂ ਚੰਡੀਗੜ੍ਹ ਤੋਂ ਬਾਹਰ ਨਹੀਂ ਜਾ ਸਕਣਗੇ।