The Khalas Tv Blog Punjab ਪੰਜਾਬ ‘ਚ ਕਰੋਨਾ ਦੀ ਦਸਤਕ ਦਾ ਘੁੱਗੂ ਵੱਜਿਆ
Punjab

ਪੰਜਾਬ ‘ਚ ਕਰੋਨਾ ਦੀ ਦਸਤਕ ਦਾ ਘੁੱਗੂ ਵੱਜਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੋਰੋਨਾ ਦਾ ਖਤਰਾ ਇੱਕ ਵਾਰ ਫਿਰ ਵਧਣ ਲੱਗਾ ਹੈ। ਖਾਸ ਕਰਕੇ ਦਿੱਲੀ ਵਿਚ ਕੋਰੇਨਾ ਦੇ ਨਵੇਂ ਕੇਸਾਂ ਵਿਚ ਇਕਦਮ ਵਾਧਾ ਸ਼ੁਰੂ ਹੋ ਗਿਆ ਹੈ, ਜਿਸ ਪਿੱਛੋਂ ਹੋਰਾਂ ਸੂਬਿਆਂ ਨੇ ਵੀ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਐਡਵਾਈਜ਼ਰੀ ਜਾਰੀ ਕਰਦਿਆਂ ਕਰੋਨਾ ਤੋਂ ਬਚਾਅ ਲਈ ਮਾਸਕ ਪਾਉਣ ਦੀ ਸਲਾਹ ਦਿੱਤੀ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਸਮੂਹੀ ਡਿਪਟੀ ਕਮਿਸ਼ਨਰਾਂ, ਜ਼ੋਨਲ ਆਈ ਜੀ, ਪੁਲਿਸ ਕਮਿਸ਼ਨਰ ਅਤੇ ਸਮੂਹ ਜ਼ਿਲ੍ਹਾ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਭੀੜ ਵਾਲੀਆਂ ਜਨਤਕ ਥਾਂਵਾਂ, ਬੱਸਾਂ, ਰੇਲ ਗੱਡੀਆਂ, ਟੈਕਸੀ, ਸਿਨੇਮਾ ਹਾਲ, ਸ਼ਾਪਿੰਗ ਮਾਲ, ਡਿਪਾਰਟਮੈਂਟਲ ਸਟੋਰ, ਕਲਾਸ ਰੂਮ, ਦਫ਼ਤਰਾ ਵਿੱਚ ਮਾਸਕ ਲਗਾਉਣ ਦੀ ਸਲਾਹ ਦਿੱਤੀ ਹੈ।

ਗੁਆਂਢੀ ਸੂਬਿਆਂ ਦੇ ਨਾਲ ਹੀ ਪੰਜਾਬ ਵਿੱਚ ਕੋਰੋਨਾ ਨੇ ਰਫ਼ਤਾਰ ਫੜ ਲਈ ਹੈ। ਬੁੱਧਵਾਰ ਨੂੰ 24 ਘੰਟਿਆਂ ‘ਚ 30 ਮਰੀਜ਼ ਮਿਲੇ ਹਨ, ਜਿਸ ਤੋਂ ਬਾਅਦ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 113 ਹੋ ਗਈ ਹੈ। ਇਨ੍ਹਾਂ ‘ਚੋਂ 4 ਮਰੀਜ਼ ਆਕਸੀਜਨ ਸਪੋਰਟ ‘ਤੇ ਪਹੁੰਚ ਚੁੱਕੇ ਹਨ। ਸਰਕਾਰ ਨੇ ਕੋਰੋਨਾ ਦੀ ਸੈਂਪਲਿੰਗ ਅਤੇ ਟੈਸਟਿੰਗ ਨੂੰ ਵੀ ਵਧਾ ਦਿੱਤਾ ਹੈ। ਬੁੱਧਵਾਰ ਨੂੰ 9812 ਸੈਂਪਲ ਲੈ ਕੇ 9577 ਟੈਸਟ ਕੀਤੇ ਗਏ। ਪੰਜਾਬ ਵਿੱਚ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 7 ਅਤੇ ਮੁਹਾਲੀ ਵਿੱਚ 5 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿੱਚ ਸਕਾਰਾਤਮਕਤਾ ਦਰ ਵੀ 1% ਤੋਂ ਉੱਪਰ ਹੈ। ਇਸ ਤੋਂ ਇਲਾਵਾ ਜਲੰਧਰ ਅਤੇ ਪਟਿਆਲਾ ਵਿੱਚ 4-4, ਫਰੀਦਕੋਟ, ਲੁਧਿਆਣਾ ਅਤੇ ਪਠਾਨਕੋਟ ਵਿੱਚ 2-2 ਮਰੀਜ਼ ਪਾਏ ਗਏ ਹਨ। ਫਤਿਹਗੜ੍ਹ ਸਾਹਿਬ, ਕਪੂਰਥਲਾ ਅਤੇ ਮੁਕਤਸਰ ਵਿੱਚ 1-1 ਮਰੀਜ਼ ਪਾਇਆ ਗਿਆ। ਸੂਬੇ ਵਿੱਚ ਇਸ ਸਮੇਂ ਸਕਾਰਾਤਮਕਤਾ ਦਰ 0.31% ਹੈ। ਪੰਜਾਬ ਦੇ ਸਿਹਤ ਮੰਤਰੀ ਡਾ.ਵਿਜੇ ਸਿੰਗਲਾ ਨੇ ਸਿਵਲ ਸਰਜਨਾਂ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਹੁਣ ਚਿੰਤਾ ਦੀ ਕੋਈ ਗੱਲ ਨਹੀਂ ਹੈ। ਫਿਰ ਵੀ, ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਲੋਕਾਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ ਅਤੇ ਭੀੜ ਵਾਲੀਆਂ ਥਾਂਵਾਂ ‘ਤੇ ਜਾਣ ਤੋਂ ਬਚਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਭੀੜ ਵਾਲੀਆਂ ਥਾਂਵਾਂ ਉੱਤੇ ਮਾਸਕ ਪਾਉਣ ਸਬੰਧੀ ਸਲਾਹ ਜਾਰੀ ਕੀਤੀ ਹੈ। ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਹੁਕਮਾਂ ਵਿੱਚ ਆਖਿਆ ਗਿਆ ਹੈ ਕਿ ਕੁੱਝ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ ਦੇ ਕੇਸਾਂ ਦੀ ਵਧਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਟੀ ਚੰਡੀਗੜ੍ਹ ਦੇ ਸਾਰੇ ਵਸਨੀਕਾਂ ਨੂੰ ਭੀੜ ਵਾਲੀਆਂ ਥਾਂਵਾਂ ‘ਤੇ ਚਿਹਰੇ ਉੱਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ।

ਮਾਸਕ ਪਹਿਨਣ ਨੂੰ ਖਾਸ ਤੌਰ ‘ਤੇ ਬੰਦ ਵਾਤਾਵਰਨ ਵਿੱਚ ਯਕੀਨੀ ਬਣਾਉਣ ਦੀ ਲੋੜ ਹੈ। ਪ੍ਰਸ਼ਾਸਨ ਮੁਕਾਬਕ ਜਨਤਕ ਆਵਾਜਾਈ (ਬੱਸਾਂ, ਰੇਲਗੱਡੀਆਂ, ਹਵਾਈ ਜਹਾਜ਼ ਅਤੇ ਟੈਕਸੀ ਆਦਿ) ਵਿੱਚ ਪੂਰੀ ਯਾਤਰਾ ਦੌਰਾਨ, ਸਿਨੇਮਾ ਹਾਲਾਂ, ਸ਼ਾਪਿੰਗ ਮਾਲਾਂ ਅਤੇ ਡਿਪਾਰਟਮੈਂਟਲ ਸਟੋਰਾਂ ਆਦਿ ਦੇ ਅੰਦਰ ਠਹਿਰਣ ਦੌਰਾਨ ਅਤੇ ਕਲਾਸ ਰੂਮਾਂ, ਦਫਤਰ-ਕਮਰਿਆਂ, ਅੰਦਰੂਨੀ ਇਕੱਠਾਂ ਦੇ ਅੰਦਰ ਠਹਿਰਣ ਦੌਰਾਨ ਮਾਸਕ ਦੀ ਵਰਤੋਂ ਕੀਤੀ ਜਾਵੇ।

Exit mobile version