‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਪੰਜਾਬ ਰਾਜ ਯੋਜਨਾ ਬੋਰਡ ਦੀ ਥਾਂ ਤੇ ਹੁਣ ਨਵੇਂ ਯੋਜਨਾ ਬੋਰਡ ਦਾ ਗਠਨ ਕੀਤਾ ਗਿਆ ਹੈ,ਜਿਸ ਨੂੰ ਇਕਨਾਮਿਕ ਪਾਲਿਸੀ ਐਂਡ ਪਲੈਨਿੰਗ ਬੋਰਡ ਦਾ ਨਾਂ ਦਿੱਤਾ ਗਿਆ ਹੈ। ਇਹ ਬੋਰਡ ਪੰਜਾਬ ਰਾਜ ਯੋਜਨਾ ਬੋਰਡ ਦੀ ਥਾਂ ਲਵੇਗਾ। ਨਵੇਂ ਬਣਾਏ ਗਏ ਇਸ ਬੋਰਡ ਦੇ ਚੇਅਰਮੈਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁੱਦ ਹੋਣਗੇ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਇਸ ਬੋਰਡ ਦਾ ਵਾਈਸ ਚੇਅਰਮੈਨ ਬਣਾਇਆ ਜਾਵੇਗਾ । ਪੰਜਾਬ ਦੇ ਸਾਰੇ ਮੰਤਰੀਆਂ ਅਤੇ ਸਾਂਸਦਾਂ ਨੂੰ ਇਸ ਪਲੈਨਿੰਗ ਬੋਰਡ ਦਾ ਮੈਂਬਰ ਬਣਾਇਆ ਗਿਆ ਹੈ। ਨਵੇਂ ਨੋਟੀਫਿਕੇਸ਼ਨ ਮੁਤਾਬਕ ਇਸ ਬੋਰਡ ਦੇ ਤਿੰਨ ਵਾਈਸ ਚੇਅਰਮੈਨ ਗੈਰ-ਸਰਕਾਰੀ ਮਾਹਿਰਾਂ ਵਿੱਚੋਂ ਬਣਾਏ ਜਾਣਗੇ।
ਇਸ ਤੋਂ ਇਲਾਵਾ ਮੁੱਖ ਸਕੱਤਰ ਪੰਜਾਬ,ਪ੍ਰਮੁੱਖ ਸਕੱਤਰ ਵਿੱਤ,ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵੀ ਬੋਰਡ ਦੇ ਮੈਂਬਰ ਹੋਣਗੇ।ਅਜਿਹਾ ਫੈਸਲਾ ਪੰਜਾਬ ਦੇ ਇਸ ਵਕਤ ਦੇ ਵਿੱਤੀ ਹਾਲਾਤਾਂ ਨੂੰ ਦੇਖਦੇ ਹੋਏ ਲਿਆ ਗਿਆ ਹੈ।ਪੰਜਾਬ ਦੀ ਆਪ ਸਰਕਾਰ ਨੇ ਇਸ ਸਾਲ ਅਪ੍ਰੈਲ ਮਹੀਨੇ ਦੇ ਅਖੀਰ ਵਿੱਚ ਹੀ ਪੰਜਾਬ ਰਾਜ ਯੋਜਨਾ ਬੋਰਡ ਨੂੰ ਭੰਗ ਕਰ ਦਿੱਤਾ ਸੀ ।ਇਸ ਬੋਰਡ ਦੇ ਚੇਅਰਮੈਨ ਬੀਬੀ ਰਾਜਿੰਦਰ ਕੌਰ ਭੱਠਲ ਸਨ,ਜਿਹਨਾਂ ਨੂੰ ਕੈਬਨਿਟ ਦਾ ਦਰਜਾ ਵੀ ਮਿਲਿਆ ਹੋਇਆ ਸੀ ।ਇਸ ਬੋਰਡ ਦਾ ਮੁੱਖ ਕੰਮ ਸੂਬੇ ਦੇ ਆਰਥਿਕ ਵਿਕਾਸ ਲਈ ਨਵੀਆਂ ਨੀਤੀਆਂ ਬਣਾਉਣਾ ਤੇ ਪੁਰਾਣੀਆਂ ਨੀਤੀਆਂ ਵਿੱਚ ਸੋਧ ਕਰਨਾ ਹੋਵੇਗਾ।ਬੋਰਡ ਦੇ ਗੈਰ-ਸਰਕਾਰੀ ਮੈਂਬਰਾਂ ਤੇ ਗੈਰ ਸਰਕਾਰੀ ਮਾਹਿਰਾਂ ਦਾ ਕਾਰਜਕਾਲ 3 ਸਾਲ ਦਾ ਹੋਵੇਗਾ।ਇਸ ਸੰਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਤੇ ਜਲਦੀ ਹੀ ਪੰਜਾਬ ਦੀ ਆਪ ਸਰਕਾਰ ਇਸ ਨੂੰ ਕਾਰਜਸ਼ੀਲ ਕਰੇਗੀ।